
ਜਲੰਧਰ, 15 ਜੁਲਾਈ : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਲਗਭਗ 27 ਕਰੋੜ ਦੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਿਰਫ਼ ਰਾਜ ਨਗਰ ਦੀ ਸੜਕ ਦੀ ਉਸਾਰੀ ਨੂੰ ਹੀ ਪੈਂਡਿੰਗ ਰੱਖਿਆ ਗਿਆ ਹੈ। ਇਹ ਸੜਕ ਮੇਅਰ ਵਨੀਤ ਧੀਰ ਦੇ ਵਾਰਡ ਦਾ ਹਿੱਸਾ ਹੈ। ਇਹ ਸੜਕ 1.31 ਕਰੋੜ ਦੀ ਲਾਗਤ ਨਾਲ ਬਣਾਈ ਜਾਣੀ ਹੈ ਪਰ ਮੇਅਰ ਨੇ ਖੁਦ ਇਸ ਕੰਮ ਨੂੰ ਪੈਂਡਿੰਗ ਰੱਖਿਆ ਹੈ ਕਿਉਂਕਿ ਬਣਨ ਵਾਲੀ ਸੜਕ ਦਾ ਇਕ ਵੱਡਾ ਹਿੱਸਾ ਠੀਕ ਹੈ ਤੇ ਇਕ ਹਿੱਸੇ ’ਤੇ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪਲਾਈਨ ਪਾਈ ਜਾਣੀ ਹੈ। ਅਜਿਹੀ ਸਥਿਤੀ ’ਚ ਹੁਣ ਸੜਕ ਬਣਾਉਣ ਨਾਲ ਨਿਗਮ ਨੂੰ ਨੁਕਸਾਨ ਹੋ ਸਕਦਾ ਹੈ। ਇਸੇ ਮੀਟਿੰਗ ’ਚ ਮੇਅਰ ਵਨੀਤ ਧੀਰ, ਕਮਿਸ਼ਨਰ ਗੌਤਮ ਜੈਨ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਤੇ ਮੈਂਬਰ ਕਵਿਤਾ ਸੇਠ ਨੇ ਵੀ ਦੋ ਮਹੱਤਵਪੂਰਨ ਫੈਸਲੇ ਲਏ ਹਨ। ਮੀਟਿੰਗ ’ਚ ਫੈਸਲਾ ਕੀਤਾ ਗਿਆ ਹੈ ਕਿ ਠੇਕੇਦਾਰਾਂ ਨੂੰ ਨਿਰਧਾਰਤ ਸ਼ਡਿਊਲ ਅਨੁਸਾਰ ਕੰਮ ਕਰਨਾ ਪਵੇਗਾ ਤੇ ਇਸ ’ਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਠੇਕੇਦਾਰ ਸ਼ਡਿਊਲ ਅਨੁਸਾਰ ਕੰਮ ਨਹੀਂ ਕਰਦਾ ਤੇ ਟਾਈਮਟੇਬਲ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਠੇਕੇਦਾਰ ’ਤੇ ਟੈਂਡਰ ਰਕਮ ਦਾ 3 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ। ਮੇਅਰ ਵਨੀਤ ਧੀਰ ਨੇ ਕਿਹਾ ਕਿ ਇਹ ਫੈਸਲਾ ਵਿਕਾਸ ਕਾਰਜ ਸਮੇਂ ਸਿਰ ਕਰਵਾਉਣ ਲਈ ਲਿਆ ਗਿਆ ਹੈ, ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਦੇਖਿਆ ਗਿਆ ਹੈ ਕਿ ਕਈ ਟੈਂਡਰਾਂ ਦਾ ਕੰਮ ਦੋ ਸਾਲਾਂ ਤੋਂ ਪੈਂਡਿੰਗ ਰੱਖਿਆ ਗਿਆ ਹੈ। ਅਜਿਹੀ ਸਥਿਤੀ ’ਚ ਹੁਣ ਠੇਕੇਦਾਰ ਆਪਣੀ ਮਰਜ਼ੀ ਨਹੀਂ ਕਰ ਸਕਣਗੇ ਤੇ ਉਨ੍ਹਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਕੰਮ ਕਰਨਾ ਪਵੇਗਾ। ਏਜੰਡੇ ’ਚ 80 ਕੰਮ 25 ਫੀਸਦੀ ਤੋਂ ਵੱਧ ਨੁਕਸਾਨ ’ਤੇ ਨਿਗਮ ਥਰਡ ਪਾਰਟੀ ਇੰਸਪੈਕਸ਼ਨ ਕਰਵਾਏਗਾ ਇਕ ਹੋਰ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਕੰਮਾਂ ਦੀ ਨਿਗਰਾਨੀ ਤੇ ਇੰਸਪੈਕਸ਼ਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜਿਨ੍ਹਾਂ ਦੇ ਟੈਂਡਰ 25 ਫੀਸਦੀ ਤੋਂ ਵੱਧ ਨੁਕਸਾਨ ’ਤੇ ਹੋਣਗੇ। ਅਜਿਹੇ ਕੰਮਾਂ ਲਈ ਥਰਡ ਪਾਰਟੀ ਇੰਸਪੈਕਸ਼ਨ ਯਕੀਨੀ ਬਣਾਈ ਜਾਵੇਗੀ ਤੇ ਇਨ੍ਹਾਂ ਸਾਰੇ ਕੰਮਾਂ ਦਾ ਚਾਰ ਵਾਰ ਨਿਰੀਖਣ ਕੀਤਾ ਜਾਵੇਗਾ। ਹਰ 25 ਫੀਸਦੀ ਕੰਮ ਤੋਂ ਬਾਅਦ ਥਰਡ ਪਾਰਟੀ ਇੰਸਪੈਕਸ਼ਨ ਹੋਵੇਗਾ ਤੇ ਰਿਪੋਰਟ ਸਹੀ ਹੋਣ ’ਤੇ ਹੀ ਠੇਕੇਦਾਰ ਨੂੰ ਭੁਗਤਾਨ ਕੀਤਾ ਜਾਵੇਗਾ। ਇਸ ਵਾਰ ਵਿੱਤ ਕਮੇਟੀ ’ਚ ਰੱਖੇ ਗਏ ਵਿਕਾਸ ਕਾਰਜਾਂ ਦੇ ਪ੍ਰਸਤਾਵ ’ਚ, 80 ਅਜਿਹੇ ਕੰਮ ਹਨ, ਜਿਨ੍ਹਾਂ ’ਤੇ ਠੇਕੇਦਾਰ ਨੇ 25 ਫੀਸਦੀ ਤੋਂ ਵੱਧ ਨੁਕਸਾਨ ਭਰਿਆ ਹੈ। ਕਈ ਕੰਮਾਂ ’ਚ ਇਹ ਨੁਕਸਾਨ 46 ਫੀਸਦੀ ਤੱਕ ਹੈ। ਅਜਿਹੀ ਸਥਿਤੀ ’ਚ, ਸਵਾਲ ਉੱਠ ਰਹੇ ਹਨ ਕਿ ਠੇਕੇਦਾਰ ਉਹ ਕੰਮ ਕਿਵੇਂ ਕਰੇਗਾ ਜਿਸ ਲਈ ਨਿਗਮ ਵੱਲੋਂ 46 ਫੀਸਦੀ ਲੈਸ ’ਤੇ ਅਨੁਮਾਨ ਲਗਾਇਆ ਗਿਆ ਹੈ। ਜੇਕਰ ਠੇਕੇਦਾਰ ਕੰਮ ਕਰ ਰਿਹਾ ਹੈ, ਤਾਂ ਕੁਆਲਿਟੀ ਕਿਵੇਂ ਬਣਾਈ ਰੱਖੀ ਜਾਵੇਗੀ। ਮੇਅਰ ਵਿਨੀਤ ਧੀਰ ਦਾ ਕਹਿਣਾ ਹੈ ਕਿ ਕਿਸੇ ਵੀ ਠੇਕੇਦਾਰ ਨੂੰ ਪਾਈਪਲਾਈਨ ਵਿਛਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਕੰਮ ਦੀ ਕੁਆਲਿਟੀ ਬਣੀ ਰਹੇ, ਇਸ ਲਈ ਥਰਡ ਪਾਰਟੀ ਇੰਸਪੈਕਸ਼ਨ ਤੇ ਹਰ ਕੰਮ ਦੀ ਚਾਰ ਵਾਰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮੀਟਿੰਗ ’ਚ ਪਾਸ ਕੀਤੇ ਮੁੱਖ ਕੰਮ ਟਿਊਬਵੈੱਲ : ਕਮਲ ਵਿਹਾਰ, ਵੱਡਾ ਸਈਪੁਰ, ਸੁਭਾਸ਼ ਨਗਰ, ਕੈਲਾਸ਼ ਨਗਰ, ਦਾਤਾਰ ਨਗਰ ਰਾਮਾ ਮੰਡੀ, ਨੰਗਲ ਸ਼ਾਮਾ, ਗ੍ਰੀਨ ਐਨਕਲੇਵ ਰਾਮਾ ਮੰਡੀ, ਲੰਮਾ ਪਿੰਡ ਚੌਕ, ਮਕਸੂਦਾਂ, ਵੀਨਸ ਵੈਲੀ। ਸੀਵਰੇਜ : ਜ਼ੋਨ ਨੰਬਰ 2 ’ਚ ਲਕਸ਼ਮੀ ਨਾਰਾਇਣ ਮੰਦਰ ਤੋਂ ਪੰਜਾਬ ਕਰਿਆਨਾ ਸਟੋਰ ਤੱਕ ਬਰਸਾਤੀ ਸੀਵਰੇਜ, ਸਵਰਨ ਪਾਰਕ ਤੋਂ ਰੰਧਾਵਾ ਮਸੰਦਾਂ ਇੰਡਸਟਰੀ ਤੱਕ ਪਾਈਪਲਾਈਨ ਤੇ ਸਮੂਹਿਕ ਟੈਂਕ, ਜਲੰਧਰ ਪੱਛਮੀ ਦੇ ਵੱਖ-ਵੱਖ ਖੇਤਰਾਂ ’ਚ ਸੁਪਰ ਸਕਸ਼ਨ ਮਸ਼ੀਨ ਨਾਲ ਸਫਾਈ, ਨੰਗਲ ਸ਼ਾਮਾ ਤੋਂ ਚੌਹੰਕਾ, ਲੱਧੇਵਾਲੀ ਤੋਂ ਚੌਹੰਕਾ, ਹੁਸ਼ਿਆਰਪੁਰ ਰੋਡ, ਰਾਮਾ ਮੰਡੀ, ਦਕੋਹਾ ਦੇ ਕਈ ਖੇਤਰਾਂ ’ਚ ਸੁਪਰ ਸਕਸ਼ਨ ਮਸ਼ੀਨ ਨਾਲ ਸਫਾਈ। ਕੂੜਾ ਪ੍ਰਬੰਧਨ : ਖਾਲਸਾ ਸਕੂਲ ਡੰਪ, ਦੁਸਹਿਰਾ ਗਰਾਊਂਡ ਡੰਪ, ਕਪੂਰਥਲਾ ਰੋਡ-120 ਫੁੱਟ ਰੋਡ, ਨਿਊ ਕੋਹਿਨੂਰ ਡੰਪ ’ਤੇ ਵਿਊ ਕਟਰ ਲਗਾਏ ਜਾਣਗੇ। ਐੱਮਆਰਐੱਫ ਸੈਂਟਰ ਘਾਹ ਮੰਡੀ ਚੌਕ ਨੇੜੇ ਬਣਾਇਆ ਜਾਵੇਗਾ। ਸੜਕਾਂ : ਜਲੰਧਰ ਵੈਸਟ : ਜੇਪੀ ਨਗਰ ਰੋਡ, ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ, ਘਾਹ ਮੰਡੀ ਚੌਕ ਦੇ ਆਲੇ-ਦੁਆਲੇ, ਕਰਤਾਰ ਨਗਰ, ਕੋਟ ਸਦੀਕ ਤੋਂ ਤਿਲਕ ਨਗਰ, ਗੁਰੂ ਰਵਿਦਾਸ ਧਾਮ ਦੀ ਬੈਕਸਾਈਡ, ਅਵਤਾਰ ਨਗਰ, ਨਿਜ਼ਾਮਤ ਨਗਰ, ਗੁਰੂ ਰਵਿਦਾਸ ਨਗਰ, ਬਸਤੀ ਦਾਨਿਸ਼ਮੰਦਾਂ, ਮਹਾਰਾਜਾ ਗਾਰਡਨ, ਰਾਜਾ ਗਾਰਡਨ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਕਬੀਰ ਵਿਹਾਰ। ਜਲੰਧਰ ਉੱਤਰੀ : ਕਬੀਰ ਨਗਰ, ਸ਼ੀਤਲ ਨਗਰ ਨਹਿਰ ਦੇ ਨਾਲ, ਰਸਤਾ ਮੁਹੱਲਾ, ਵਿਵੇਕ ਨਗਰ, ਅਮਨ ਨਗਰ, ਕਿਲਾ ਮੁਹੱਲਾ, ਵਾਲਮੀਕਿ ਗੇਟ, ਜਗਤਪੁਰਾ, ਜੈਮਲ ਨਗਰ, ਕਿਸ਼ਨਪੁਰਾ, ਅੰਬਿਕਾ ਕਾਲੋਨੀ, ਸੰਤੋਖਪੁਰਾ, ਰੇਰੂ ਪਿੰਡ, ਇੰਡਸਟਰੀਅਲ ਏਰੀਆ, ਵਿਨੈ ਨਗਰ, ਗਲੋਬ ਕਾਲੋਨੀ, ਲੰਮਾ ਪਿੰਡ, ਸ਼ਿਵ ਨਗਰ ਤੋਂ ਚੰਦਨ ਨਗਰ ਆਰਯੂਬੀ, ਗਦਈਪੁਰ, ਵੀਨਸ ਵੈਲੀ। ਜਲੰਧਰ ਸੈਂਟਰਲ : ਮਾਸਟਰ ਤਾਰਾ ਸਿੰਘ ਨਗਰ, ਗੁਲਮਰਗ ਐਵੇਨਿਊ, ਅਬਾਦੀ ਕੋਟ ਰਾਮਦਾਸ, ਢਿਲਵਾਂ, ਧਨੋਵਾਲੀ, ਦਕੋਹਾ, ਮੁਹੱਲਾ ਲਾਡੋਵਾਲੀ, ਗੁਰੂ ਗੋਬਿੰਦ ਸਿੰਘ ਐਵੇਨਿਊ, ਸੈਦਾਂ ਗੇਟ, ਪੱਕਾ ਬਾਗ, ਦਿਆਲ ਨਗਰ, ਵਿਜੇ ਨਗਰ, ਬਰੈਂਡਰੇਥ ਰੋਡ, ਗੋਪਾਲ ਨਗਰ, ਲਾਲ ਬਾਜ਼ਾਰ, ਨਰਿੰਦਰ ਸਿਨਮਾ ਤੋਂ ਬੀਐੱਮਸੀ ਚੌਕ, ਏਜੀਪੇ ਕਾਲਜ ਤੋਂ ਚੁਨਮੁਨ ਚੌਕ। ਜਲੰਧਰ ਛਾਉਣੀ : ਸਾਬੋਵਾਲ, ਰਹਿਮਾਪੁਰ, ਸੋਫੀ ਪਿੰਡ, ਹਾਊਸਿੰਗ ਬੋਰਡ ਕਾਲੋਨੀ, ਅਰਬਨ ਸਟੇਟ, ਭਗਵਾਨ ਵਾਲਮੀਕਿ ਚੌਕ ਤੋਂ ਡਵੀਜ਼ਨ ਨੰਬਰ 7, ਪ੍ਰਕਾਸ਼ ਨਗਰ, ਗੁਰੂ ਨਗਰ, ਗੋਲ ਮਾਰਕੀਟ ਤੋਂ ਬਖਤਾਵਰ ਸਿੰਘ ਮਾਰਗ, ਗੁਰੂ ਤੇਗ ਬਹਾਦਰ ਨਗਰ ਤੋਂ ਸ਼ਮਸ਼ਾਨ ਘਾਟ, ਮਾਡਲ ਟਾਊਨ, ਜੀਟੀਬੀ ਨਗਰ ਤੋਂ ਭਾਈ ਜੈਤਾ ਦੀ ਮਾਰਕੀਟ, ਅਰਬਨ ਅਸਟੇਟ ਫੇਜ਼-2 ਬਲਾਕ ਸੀ।



