Punjab

ਕਾਂਗਰਸ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ

ਲੁਧਿਆਣਾ, 15 ਜੁਲਾਈ : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅੱਜ ਲੁਧਿਆਣਾ ਦੇ ਗਲਾਡਾ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਕਾਂਗਰਸ ਪਾਰਟੀ ਦੇ ਰੋਸ ਧਰਨੇ ’ਚ ਇੱਕ ਵਾਰ ਫਿਰ ਧੜੇਬੰਦੀ ਜੱਗ ਜ਼ਾਹਿਰ ਹੋ ਗਈ। ਕਾਂਗਰਸ ਪਾਰਟੀ ਦੇ ਰੋਸ ਧਰਨੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਦੀ ਚੋਣ ਲੜਨ ਵਾਲੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਪ੍ਰਗਟ ਸਿੰਘ ਸਮੇਤ ਕਈ ਕਾਂਗਰਸੀ ਆਗੂ ਗੈਰ-ਹਾਜ਼ਰ ਰਹੇ। ਕਾਂਗਰਸ ਪਾਰਟੀ ਦੇ ਧਰਨੇ ਨੂੰ ਲੈ ਕੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣ ਤੇ ਪਾਣੀ ਦੀ ਬੁਛਾੜ ਕਰਨ ਵਾਸਤੇ ਵਜਰਾ ਵੈਨ ਵੀ ਧਰਨੇ ਵਾਲੀ ਥਾਂ ’ਤੇ ਖੜ੍ਹੀ ਕੀਤੀ ਗਈ ਸੀ। ਖ਼ਬਰ ਦਾ ਬਾਕਸ- ਕਿਸਾਨਾਂ ਦੀ ਹਮਾਇਤ ਨਾ ਕਰਨ ਵਾਲੇ ਗੱਦਾਰ : ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਕਿਸਾਨਾਂ ਦੀ ਉਪਜਾਊ ਜ਼ਮੀਨ ਬਚਾਉਣ ਦੇ ਲਈ ਅੱਜ ਧਰਨੇ ’ਚ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਧਰਨੇ ਤੋਂ ਗੈਰ-ਹਾਜ਼ਰ ਹਨ, ਉਹ ਕਿਸਾਨਾਂ ਦੇ ਗੱਦਾਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੇ ਹੀ ਮੋਦੀ ਸਰਕਾਰ ਨੂੰ 3 ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ। ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਆਪਣੀ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਉਸ ਸਮੇਂ 700 ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਤੇ ਹੁਣ ਪੰਜਾਬ ਸਰਕਾਰ ਮੁੜ ਤੋਂ ਕਿਸਾਨਾਂ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਸਾਨੂੰ ਸਾਡੀ ਆਪਣੀ ਮਾਂ ਜ਼ਮੀਨ ਲਈ ਲੜਨਾ ਪੈ ਰਿਹਾ ਹੈ। ਖ਼ਬਰ ਦਾ ਬਾਕਸ- ਵੜਿੰਗ ਟਰੈਕਟਰ ’ਤੇ ਸਵਾਰ ਹੋ ਕੇ ਪੁੱਜੇ ਧਰਨੇ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਆਪ ਟਰੈਕਟਰ ਚਲਾ ਕੇ ਰੋਸ ਧਰਨੇ ’ਚ ਪੁੱਜੇ। ਵੜਿੰਗ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਕਾਂਗਰਸ ਪਾਰਟੀ ਲੈਂਡ ਪੂਲਿੰਗ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਵੇਗੀ। ਖ਼ਬਰ ਦਾ ਬਾਕਸ- ਸੀਏ ਨੂੰ ਡੇਢ ਸਾਲ ਬਾਅਦ ਦੇਖਣ ਦੀ ਦਿੱਤੀ ਧਮਕੀ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਕਾਂਗਰਸੀਆਂ ਤੋਂ ਸੀਏ ਗਲਾਡਾ ਮੰਗ-ਪੱਤਰ ਲੈਣ ਲਈ ਆਪ ਨਹੀਂ ਪੁੱਜੇ ਸਗੋਂ ਉਨ੍ਹਾਂ ਨੇ ਆਪਣੇ ਨੁਮਾਇੰਦੇ ਏਸੀਏ ਨੂੰ ਭੇਜ ਕੇ ਮੰਗ-ਪੱਤਰ ਪ੍ਰਾਪਤ ਕੀਤਾ, ਜਿਸ ਦੇ ਜਵਾਬ ’ਚ ਕਾਂਗਰਸੀਆਂ ਨੇ ਕਿਹਾ ਕਿ ਡੇਢ ਸਾਲ ਬਾਅਦ ਉਹ ਮੰਗ-ਪੱਤਰ ਨਾ ਲੈਣ ਵਾਲੇ ਸੀਏ ਨੂੰ ਦੇਖਣਗੇ ਤੇ ਉਸ ਤੋਂ ਇਸ ਦੀ ਜਵਾਬ ਤਲਬੀ ਕਰਨਗੇ। ਵੜਿੰਗ ਨੇ ਏਸੀਏ ਨੂੰ ਕਿਹਾ ਕਿ ਉਹ ਜਾ ਕੇ ਆਪਣੇ ਸੀਏ ਨੂੰ ਦੱਸ ਦੇਵੇ ਕਿ ਇਹ ਡੇਢ ਸਾਲ ਦੀ ਸਰਕਾਰ ਹੈ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਵੜਿੰਗ ਨੇ ਕਿਹਾ ਕਿ ਐੱਮਪੀ ਤੇ ਵਿਧਾਇਕ ਸੀਏ ਦੀ ਉਡੀਕ ਕਰ ਰਹੇ ਹਨ ਪਰ ਸੀਏ ਨੇ ਹੇਠਾਂ ਆ ਕੇ ਮੰਗ-ਪੱਤਰ ਲੈਣਾ ਜ਼ਰੂਰੀ ਨਹੀਂ ਸਮਝਿਆ, ਜੋ ਕਿ ਗਲਤ ਰਵੱਈਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖ਼ਬਰ ਦਾ ਬਾਕਸ- ਰਾਜਾ ਵੜਿੰਗ ਨੂੰ ਜਦੋਂ ਮਾਸਟਰ ਬਣਨਾ ਪੈ ਗਿਆ ਕਾਂਗਰਸ ਪਾਰਟੀ ਦੇ ਧਰਨੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਾਰਾ ਜ਼ੋਰ ਆਗੂਆਂ ਤੇ ਵਰਕਰਾਂ ਨੂੰ ਬਿਠਾਉਣ ’ਤੇ ਲੱਗਾ ਰਿਹਾ। ਉਹ ਹੱਥ ’ਚ ਮਾਈਕ ਫੜ ਕੇ ਆਗੂਆਂ ਤੇ ਵਰਕਰਾਂ ਨੂੰ ਵਾਰ-ਵਾਰ ਬੈਠਣ ਦੀ ਅਪੀਲ ਕਰਦੇ ਨਜ਼ਰ ਆਏ। ਰਾਜਾ ਵੜਿੰਗ ਇੱਕ ਮਾਸਟਰ ਵਾਂਗ ਸਾਰਿਆਂ ਨੂੰ ਅਨੁਸ਼ਾਸਨ ਦਾ ਪਾਠ ਪੜਾਉਂਦੇ ਵੀ ਦਿਸੇ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਤੇ ਦੇਸ਼ ਭਗਤਾਂ ਨੇ ਸਾਨੂੰ ਲੱਖ ਤਸੀਹੇ ਝੱਲ ਕੇ ਆਜ਼ਾਦੀ ਲੈ ਕੇ ਦਿੱਤੀ ਹੈ ਪਰ ਅਸੀਂ ਆਪਣੇ ’ਤੇ ਥੋੜ੍ਹਾ ਜਿਹਾ ਮੀਂਹ ਪੈਣਾ ਵੀ ਬਰਦਾਸ਼ਤ ਨਹੀਂ ਕਰ ਰਹੇ, ਜੋ ਕਿ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪ ਵਰਕਰਾਂ ਚ ਬੈਠ ਕੇ ਮੀਂਹ ’ਚ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button