Punjab

ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਫਿਰ ਹੋਈ ਗੁੰਡਾਗਰਦੀ

ਕਪੂਰਥਲਾ, 13 ਜੁਲਾਈ : ਕਪੂਰਥਲਾ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਅੱਜ ਸ਼ਾਮ ਫਿਰ ਗੁੰਡਾਗਰਦੀ ਹੋਈ, ਜਿਸ ’ਚ ਕੁਝ ਹਥਿਆਰਬੰਦ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉੱਥੇ ਹੀ ਸਿਵਲ ਹਸਪਤਾਲ ਦੇ ਸਟਾਫ਼ ਨੇ ਦਰਵਾਜ਼ੇ ਬੰਦ ਕਰ ਕੇ ਆਪਣੀ ਜਾਨ ਬਚਾਈ ਹੈ। ਘਟਨਾ ਦੀ ਸੂਚਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦੇਣ ਦੇ ਬਾਅਦ ਮੌਕੇ ’ਤੇ ਸਿਟੀ ਥਾਣਾ ਪੁਲਿਸ ਤੇ ਪੀਸੀਆਰ ਟੀਮ ਪਹੁੰਚੀ ਪਰ ਉਦੋਂ ਤੱਕ ਹਥਿਆਰਬੰਦ ਬਦਮਾਸ਼ ਘਟਨਾ ਨੂੰ ਅੰਜ਼ਾਮ ਦੇ ਕੇ ਭੱਜ ਚੁੱਕੇ ਸਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਸੋਸ਼ਲ ਮੀਡੀਆ ਇੰਨਫਲਿਊਸਰ ਦੇ ਮਾਲ ਰੋਡ ਦਫ਼ਤਰ ਦੇ ਨਜ਼ਦੀਕ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ, ਜਿਸ ’ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਪਰ ਉੱਥੇ ਪਹੁੰਚਦੇ ਹੀ ਕੁਝ ਹਥਿਆਰਬੰਦ ਨੌਜਵਾਨ ਐਮਰਜੈਂਸੀ ਵਾਰਡ ’ਚ ਆਏ ਅਤੇ ਉਨ੍ਹਾਂ ਇਕ ਅਣਪਛਾਤੇ ਨੌਜਵਾਨ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦੇਣ ਦੇ ਬਾਅਦ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਪੁਲਿਸ ਕਰਮਚਾਰੀਆਂ ਤੇ ਪੀਸੀਆਰ ਇੰਚਾਰਜ ਚਰਨਜੀਤ ਸਿੰਘ ਖੈੜਾ ਦੀ ਟੀਮ ਨੇ ਮੌਕਾ ਸੰਭਾਲਿਆ। ਪਰ ਉਦੋਂ ਤੱਕ ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ ਸਨ। ਉੱਥੇ ਹੀ ਉਕਤ ਮਾਮਲੇ ’ਚ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਘਟਨਾ ਸਬੰਧੀ ਦੋ ਨੌਜਵਾਨਾਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਦੇਰ ਰਾਤ ਵੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਇਸੇ ਤਰ੍ਹਾਂ ਦੋ ਗੁੱਟਾਂ ’ਚ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਸੀ, ਉਸ ਸਮੇਂ ਵੀ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਸੀ।

Related Articles

Leave a Reply

Your email address will not be published. Required fields are marked *

Back to top button