Punjab

ਵਿਧਾਇਕ ਰਮਨ ਅਰੋੜਾ ਦੇ ਪੁੱਤਰ ਤੇ ਕੁੜਮ ਦੀ ਗ੍ਰਿਫ਼ਤਾਰੀ ਲਈ ਲੁਕਆਊਟ ਸਰਕੂਲਰ ਜਾਰੀ, ਫ਼ਰਾਰ ਮੁਲਜ਼ਮਾਂ ਦੇ ਦੁਬਈ ’ਚ ਲੁਕੇ ਹੋਣ ਦਾ ਖ਼ਦਸ਼ਾ

ਜਲੰਧਰ, 13 ਜੁਲਾਈ :  ਭ੍ਰਿਸ਼ਟਾਚਾਰ ਦੇ ਮਾਮਲੇ ’ਚ ਘਿਰੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ ਦੇ ਫ਼ਰਾਰ ਪੁੱਤਰ ਰਾਜਨ ਅਰੋੜਾ ਤੇ ਕੁੜਮ ਰਾਜੂ ਮਦਾਨ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਨੇ ਲੁਕਆਊਟ ਸਰਕੂਲਰ (ਐੱਲਓਸੀ) ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਰਮਨ ਅਰੋੜਾ ਤੇ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਦੀ ਜ਼ਮਾਨਤ ਪਟੀਸ਼ਨ ਅਦਾਲਤ ਵਿਚ ਰੱਦ ਹੋਣ ਤੋਂ ਬਾਅਦ ਵਿਜੀਲੈਂਸ ਹੁਣ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਵਿਜੀਲੈਂਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵੇਂ ਦੁਬਈ ਵਿਚ ਲੁਕੇ ਹੋਏ ਹਨ ਜਿੱਥੇ ਜਲੰਧਰ ਦਾ ਇਕ ਵੱਡਾ ਸੱਟੇਬਾਜ਼ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵਿਜੀਲੈਂਸ ਟੀਮ ਹੁਣ ਸੱਟੇਬਾਜ਼ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਤੇ ਉਸ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਦੁਬਈ ’ਚ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਇੰਟਰਪੋਲ ਦੀ ਮਦਦ ਨਾਲ ਵਿਧਾਇਕ ਦੇ ਪੁੱਤਰ ਤੇ ਕੁੜਮ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ, ਇਹ ਮਾਮਲਾ ਆਰਥਿਕ ਅਪਰਾਧਾਂ, ਮਨੀ ਲਾਂਡ੍ਰਿੰਗ ਤੇ ਹਾਈ ਪ੍ਰੋਫਾਈਲ ਨੈੱਟਵਰਕ ਨਾਲ ਵੀ ਜੁੜਿਆ ਹੋ ਸਕਦਾ ਹੈ। ਉੱਧਰ, ਵਿਧਾਇਕ ਰਮਨ ਅਰੋੜਾ ਜ਼ਮਾਨਤ ਲੈਣ ਲਈ ਹੁਣ ਹਾਈ ਕੋਰਟ ਦੀ ਪਨਾਹ ਲੈ ਸਕਦੇ ਹਨ। ਵਿਧਾਇਕ ਤੇ ਉਨ੍ਹਾਂ ਦੇ ਕੁੜਮ ਦੀ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਅਰੋੜਾ ਦੇ ਅਸਤੀਫ਼ੇ ਦੀ ਚਰਚਾ ਸ਼ੁਰੂ ਹੋ ਗਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਵਿਧਾਇਕ ’ਤੇ ਅਸਤੀਫ਼ਾ ਦੇਣ ਦਾ ਦਬਾਅ ਹੈ, ਅਸਤੀਫ਼ਾ ਨਾ ਦੇਣ ’ਤੇ ਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਕੇਸ ’ਚ ਨਾਮਜ਼ਦ ਹੋਰਨਾਂ ਲੋਕਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ।

ਜੇਲ੍ਹ ’ਚ ਰਮਨ ਅਰੋੜਾ ਦੀ ਤਬੀਅਤ ਨਹੀਂ ਹੋ ਰਹੀ ਠੀਕ

ਨਾਭਾ ਜੇਲ੍ਹ ’ਚ ਬੰਦ ਵਿਧਾਇਕ ਰਮਨ ਅਰੋੜਾ ਨੇ ਸਿਹਤ ਠੀਕ ਨਾ ਹੋਣ ਦੀ ਦਲੀਲ ਦਿੰਦਿਆਂ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਅਰਜ਼ੀ ਲਗਾਈ ਸੀ ਜਿਸ ’ਤੇ ਅਦਾਲਤ ਨੇ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਹਸਪਤਾਲ ’ਚ ਦਾਖ਼ਲ ਕਰਨ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ’ਚ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੋ ਰਹੀ।

Related Articles

Leave a Reply

Your email address will not be published. Required fields are marked *

Back to top button