
ਮੋਗਾ, 12 ਜੁਲਾਈ : ਕਸਬਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਲੰਗੇਆਣਾ ਨਵਾਂ ਵਿਖੇ ਇਕ ਵਿਅਕਤੀ ਦੇ ਘਰ ਕੁਝ ਦਿਨ ਪਹਿਲਾਂ ਹੋਏ ਮੁੰਡੇ ਦੀ ਪਾਰਟੀ ਦੇਣ ਗਏ ਵਿਅਕਤੀ ਦੀ ਲਾਸ਼ ਪਿੰਡ ਦੀ ਹੀ ਧਰਮਸ਼ਾਲਾ ’ਚ ਮਿਲੀ ਹੈ। ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਚਾਚੇ ਦੇ ਬਿਆਨ ਤੇ ਇਕ ਵਿਅਕਤੀ ਸਮੇਤ ਉਸ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਮੋਗਾ ਦੇ ਸਿਵਲ ਹਸਪਤਾਲ ’ਚ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਆਏ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੰਗੇਆਣਾ ਨਵਾਂ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਉਸ ਦੇ ਘਰ ਕੁੱਝ ਦਿਨ ਪਹਿਲਾਂ ਲੜਕਾ ਹੋਇਆ ਸੀ ਤੇ 10 ਜੁਲਾਈ ਦੀ ਦੁਪਹਿਰੇ ਪਿੰਡ ਦਾ ਹੀ ਵਿਅਕਤੀ ਮਨਜਿੰਦਰ ਸਿੰਘ ਅਤੇ ਉਸ ਦੇ ਦੋ ਅਣਪਛਾਤੇ ਸਾਥੀ ਅਵਤਾਰ ਸਿੰਘ ਪਾਸੋਂ ਪਾਰਟੀ ਲੈਣ ਦੇ ਬਹਾਨੇ ਉਸ ਨੂੰ ਘਰੋ ਆਪਣੇ ਨਾਲ ਲੈ ਗਏ ਤੇ ਉਸੇ ਦਿਨ ਸ਼ਾਮ ਸਵਾ 5 ਵਜੇ ਅਵਤਾਰ ਸਿੰਘ ਦੀ ਲਾਸ਼ ਪਿੰਡ ਦੀ ਧਰਮਸ਼ਾਲਾ ਵਿਚ ਪਈ ਮਿਲੀ। ਜਦ ਇਸ ਘਟਨਾ ਬਾਰੇ ਮ੍ਰਿਤਕ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਮ੍ਰਿਤਕ ਅਵਤਾਰ ਸਿੰਘ ਦੇ ਚਾਚੇ ਗੁਰਦੇਵ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਉਸ ਨੇ ਸ਼ੰਕਾ ਜਤਾਈ ਕਿ ਉਸ ਦੇ ਭਤੀਜੇ ਅਵਤਾਰ ਸਿੰਘ ਉਨ੍ਹਾਂ ਲੋਕਾਂ ਸ਼ਰਾਬ ’ਚ ਕੋਈ ਜ਼ਹਿਰੀਲੀ ਵਸਤੂ ਮਿਲਾਕੇ ਪਿਲਾ ਦਿੱਤੀ ਹੈ। ਪੁਲਿਸ ਨੂੰ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਦੇ ਮੌਰਚਰੀ ਰੂਮ ਵਿਚ ਰਖਵਾ ਦਿੱਤੀ ਅਤੇ ਮ੍ਰਿਤਕ ਅਵਤਾਰ ਸਿੰਘ ਦੇ ਚਾਚੇ ਗੁਰਦੇਵ ਸਿੰਘ ਦੇ ਬਿਆਨ ਲੈ ਕੇ ਮਨਜਿੰਦਰ ਸਿੰਘ ਸਮੇਤ ਉਸ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਕਾਰਵਾਈ ਥਾਣਾ ਬਾਘਾਪੁਰਾਣਾ ਪੁਲਿਸ ਦੇ ਇਸੰਪੈਕਟਰ ਜਤਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਮ੍ਰਿਤਕ ਅਵਤਾਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।



