
ਚੋਹਲਾ ਸਾਹਿਬ, 11 ਜੁਲਾਈ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਣੀ ਵਲਾਹ ’ਚ ਵਿਦੇਸ਼ ਤੋਂ ਪਰਤੇ ਵਿਅਕਤੀ ਕੋਲੋਂ 40 ਲੱਖ ਰੁਪਏ ਦੀ ਫਿਰੌਤੀ ਮੰਗਣ ਤੇ ਫਿਰ ਫੋਨ ਨਾ ਚੁੱਕੇ ਜਾਣ ਕਾਰਨ ਉਸਦੇ ਘਰ ਦੇ ਦਰਵਾਜ਼ੇ ’ਤੇ ਗੋਲ਼ੀਆਂ ਦਾਗ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ। ਨਿਰਵੈਲ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਰਾਣੀ ਵਲਾਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸਾਲ 2003 ਤੋਂ ਵਿਦੇਸ਼ ’ਚ ਗਿਆ ਹੈ ਅਤੇ ਆਪਣੇ ਘਰ ਛੁੱਟੀ ਆਉਂਦਾ ਰਹਿੰਦਾ ਹੈ। ਹੁਣ ਵੀ ਉਹ ਤਿੰਨ ਮਹੀਨੇ ਤੋਂ ਆਪਣੇ ਘਰ ਆਇਆ ਹੋਇਆ ਹੈ। ਉਸ ਨੇ ਸ਼ਿਕਾਇਤ ’ਚ ਦੱਸਿਆ ਕਿ 6 ਜੁਲਾਈ ਨੂੰ ਦੁਪਹਿਰੇ ਕਰੀਬ ਇਕ ਵਜੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ। ਅੱਗੋਂ ਬੋਲਣ ਵਾਲੇ ਨੇ ਖ਼ੁਦ ਨੂੰ ਲੰਡਾ ਹਰੀਕੇ ਦਾ ਭਰਾ ਦੱਸਦਿਆਂ ਉਸ ਕੋਲੋਂ 40 ਲੱਖ ਦੀ ਫਿਰੌਤੀ ਮੰਗੀ। ਉਸ ਦੀ ਗੱਲ ਸੁਣ ਕੇ ਉਸ ਨੇ ਫੋਨ ਕੱਟ ਦਿੱਤਾ ਤਾਂ ਵਾਰ-ਵਾਰ ਉਸ ਨੂੰ ਫੋਨ ਆਉਂਦੇ ਰਹੇ ਪਰ ਉਸ ਨੇ ਵਿਦੇਸ਼ੀ ਨੰਬਰ ਤੋਂ ਫੋਨ ਨਾ ਚੁੱਕਿਆ। ਹੁਣ ਲੰਘੀ ਰਾਤ ਕਰੀਬ 9 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਦੇ ਗੇਟ ’ਚ ਪੰਜ ਗੋਲ਼ੀਆਂ ਮਾਰੀਆਂ ਤੇ ਫ਼ਰਾਰ ਹੋ ਗਏ। ਜਦਕਿ ਸਵੇਰੇ ਮੁੜ ਫੋਨ ਆਇਆ ਤੇ ਉਸ ਕੋਲੋਂ 40 ਲੱਖ ਦੀ ਮੰਗ ਕੀਤੀ ਗਈ। ਥਾਣਾ ਚੋਹਲਾ ਸਾਹਿਬ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਤਿੰਨ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਭਿੱਖੀਵਿੰਡ ਦੇ ਡਾਕਟਰ ਕੋਲੋਂ ਪ੍ਰਭ ਦਾਸੂਵਾਲ ਨੇ ਮੰਗੀ ਇਕ ਕਰੋੜ ਦੀ ਫਿਰੌਤੀ * ਜਾਨੋ ਮਾਰਨ ਦੀ ਦਿੱਤੀ ਧਮਕੀ, ਪੁਲਿਸ ਨੇ ਦਰਜ ਕੀਤਾ ਕੇਸ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਭਿੱਖੀਵਿੰਡ : ਕਸਬਾ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਦੇ ਸੰਚਾਲਕ ਡਾਕਟਰ ਕੋਲੋਂ ਵਿਦੇਸ਼ ਬੈਠੇ ਗੈਂਗਸਟਰ ਵੱਲੋਂ ਇਕ ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਮੰਗਣ ਦਾ ਸਿਲਸਿਲਾ ਮਈ ਮਹੀਨੇ ਤੋਂ ਚੱਲ ਰਿਹਾ ਹੈ। ਜਦਕਿ ਡਾਕਟਰ ਨੂੰ ਫਿਰੌਤੀ ਨਾ ਦੇਣ ਦੀ ਸੂਰਤ ’ਚ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਡਾਕਟਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪ੍ਰਭ ਦਾਸੂਵਾਲ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਨੰਦ ਹਸਪਤਾਲ ਦੇ ਡਾਕਟਰ ਨੀਰਜ ਮਲਹੋਤਰਾ ਪੁੱਤਰ ਪ੍ਰੇਮ ਚੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 8 ਜੁਲਾਈ ਨੂੰ ਉਹ ਆਪਣੇ ਹਸਪਤਾਲ ’ਚ ਮੌਜੂਦ ਸੀ ਕਿ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਉਸ ਦੇ ਮੋਬਾਈਲ ਫੋਨ00 ’ਤੇ ਵਿਦੇਸ਼ੀ ਨੰਬਰ ਤੋਂ ਪ੍ਰਭ ਦਾਸੂਵਾਲ ਦੀ ਵਟਸਐੱਪ ਕਾਲ ਆਈ। ਜਿਸ ਨੇ ਕਿਹਾ ਕਿ ਉਸ ਨੇ ਪੈਸੇ ਲੈਣੇ ਹਨ, ਭਾਵੇਂ ਜਿੰਨੀ ਮਰਜ਼ੀ ਸੁਰੱਖਿਆ ਲੈ ਲਵੇ। ਉਸ ਨੇ ਆਪਣੇ ਆਦਮੀ ਮਰੀਜ਼ ਬਣਾ ਕੇ ਭੇਜ ਕੇ ਹਮਲਾ ਕਰਵਾਉਣ ਦੀ ਧਮਕੀ ਦਿੱਤੀ ਤੇ ਕਿਹਾ ਕਿ ਉਹ ਉਸ ਦਾ ਨੁਕਸਾਨ ਕਰ ਕੇ ਵੀ ਪਰਿਵਾਰ ਕੋਲੋਂ ਪੈਸੇ ਲਵੇਗਾ। ਉਸ ਨੇ ਸ਼ਿਕਾਇਤ ’ਚ ਦੱਸਿਆ ਕਿ 11 ਮਈ ਦੀ ਸ਼ਾਮ ਕਰੀਬ ਪੌਣੇ 8 ਵਜੇ ਅਤੇ 24 ਮਈ ਦੀ ਸ਼ਾਮ ਕਰੀਬ ਪੰਜ ਵਜੇ ਵੀ ਉਸ ਨੂੰ ਪ੍ਰਭ ਦਾਸੂਵਾਲ ਨੇ ਫੋਨ ਕੀਤੇ ਅਤੇ ਉਸ ਕੋਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਨੀਰਜ ਮਲਹੋਤਰਾ ਦੇ ਬਿਆਨਾਂ ’ਤੇ ਪ੍ਰਭ ਦਾਸੂਵਾਲ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਜਤਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



