
ਲੁਧਿਆਣਾ, 11 ਜੁਲਾਈ : ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੀ ਐਲਡੀਗੋ ਚੌਕੀ ਦੇ ਇੰਚਾਰਜ ਜਿੰਦਰ ਲਾਲ ਸਿੱਧੂ ਤੇ ਉਨ੍ਹਾਂ ਦੀ ਟੀਮ ਵੱਲੋਂ 24 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਲਡੀਗੋ ਚੌਕੀ ਦੇ ਇੰਚਾਰਜ ਜਿੰਦਰ ਲਾਲ ਸਿੱਧੂ ਨੇ ਦੱਸਿਆ ਕਿ ਕਾਬੂ ਕੀਤੇ ਗਏ ਤਕਸਕਰ ਤੇ ਪਹਿਲਾਂ ਵੀ ਸ਼ਰਾਬ ਦੇ ਕਈ ਮੁਕੱਦਮੇ ਦਰਜ ਹਨ ਤੇ ਬੀਤੇ ਕੁਝ ਮਹੀਨੇ ਪਹਿਲਾਂ ਸਲੇਮ ਟਾਬਰੀ ਥਾਣੇ ’ਚ 17 ਸ਼ਰਾਬ ਦੀਆਂ ਪੇਟੀਆਂ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਸੀ, ਜਿਸ ’ਚ ਇਹ ਦੋਸ਼ੀ ਵੀ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਅਨੂਪ ਕੁਮਾਰ ਉਰਫ ਬਿੱਲਾ ਵਾਸੀ ਨਿਊ ਕਰਤਾਰ ਨਗਰ ਸਲੇਮ ਟਾਬਰੀ ਵਜੋਂ ਹੋਈ ਹੈ, ਜਿਸ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਦੇ ਸ਼ਰਾਬ ਪ੍ਰਾਪਤ ਕਰਨ ਦੇ ਸਰੋਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।
ਨਾਜਾਇਜ਼ ਸ਼ਰਾਬ ਦੀਆਂ ਦੋ ਪੇਟੀਆਂ ਸਮੇਤ ਔਰਤ ਕਾਬੂ
ਸਨਅਤੀ ਸ਼ਹਿਰ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੀਆਂ 2 ਪੇਟੀਆਂ ਸਮੇਤ ਇਕ ਔਰਤ ਨੂੰ ਕਾਬੂ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਸਹਾਇਕ ਥਾਣੇਦਾਰ ਜਗਜੀਵਨ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਗਸ਼ਤ ਸਬੰਧੀ ਕਾਰਾਬਾਰਾ ਬਹਾਦਰਕੇ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਮਿਲੀ ਕਿ ਇਕ ਔਰਤ ਜਸਬੀਰ ਕੌਰ, ਜੋ ਕਿ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦੀ ਹੈ, ਜਲੰਧਰ ਬਾਈਪਾਸ ਦਾਣਾ ਮੰਡੀ ਵਿਖੇ ਮੌਜੂਦ ਹੈ। ਉਸ ਨੂੰ ਦੌਰਾਨੇ ਰੇਡ ਕਾਬੂ ਕਰ ਕੇ ਉਸ ਪਾਸੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਮਾਰਕਾ ਪੰਜਾਬ ਰਸਭਰੀ ਬਰਾਮਦ ਕੀਤੀਆਂ ਤੇ ਮੌਕੇ ’ਤੇ ਹੀ ਔਰਤ ਨੂੰ ਗ੍ਰਿਫਤਾਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਸ਼ਰਾਬ ਸਮੇਤ ਕਾਬੂ ਕੀਤੀ ਗਈ ਔਰਤ ਦੀ ਪਛਾਣ ਜਸਬੀਰ ਕੌਰ ਉਰਫ ਜੱਸੀ ਵਾਸੀ ਗੁਰਨਾਮ ਨਗਰ, ਜੱਸੀਆਂ ਰੋਡ ਸਲੇਮ ਟਾਬਰੀ ਲੁਧਿਆਣਾ ਵਜੋਂ ਹੋਈ ਹੈ, ਜਿਸ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



