Punjab

22 ਨੂੰ ਸੀਕੇਡੀ ਦੀ ਕਾਰਜਕਾਰਨੀ ਨੂੰ ਪੇਸ਼ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੜ ਹੁਕਮ ਜਾਰੀ

ਅੰਮ੍ਰਿਤਸਰ, 11 ਜੁਲਾਈ : ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਕਾਰਜਕਾਰਨੀ ਦੇ 31 ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 22 ਜੁਲਾਈ ਨੂੰ ਪੇਸ਼ ਹੋਣ ਲਈ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਪੱਤਰ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਮਾਮਲਿਆਂ ’ਚ ਪੁੱਜੀਆਂ ਸ਼ਿਕਾਇਤਾਂ ਸਬੰਧੀ 20 ਜੂਨ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ’ਚ 15 ਦਿਨ ਅੰਦਰ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿੱਜੀ ਸਹਾਇਕ ਬਗੀਚਾ ਸਿੰਘ ਨੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੂੰ ਪੱਤਰ ਜਾਰੀ ਹੋਣ ਤੋਂ 15 ਦਿਨਾਂ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਈਆਂ ਸ਼ਿਕਾਇਤਾਂ ਸਬੰਧੀ ਸਪੱਸ਼ਟੀਕਰਨ ਦੇਣ ਲਈ ਸਮੁੱਚੀ ਕਾਰਜਕਰਨੀ ਸਮੇਤ ਹਾਜ਼ਰ ਹੋਣ ਲਈ ਕਿਹਾ ਸੀ। 15 ਦਿਨ ਬੀਤਣ ’ਤੇ ਡਾ. ਨਿੱਝਰ ਤੋਂ ਵੱਖ ਚੱਲ ਰਹੇ ਕੁਝ ਕਾਰਜਕਾਰਨੀ ਮੈਂਬਰਾਂ ਤੇ ਅਹੁਦੇਦਾਰਾਂ ਨੇ ਜਥੇਦਾਰ ਨੂੰ ਆਪਣਾ ਲਿਖਤੀ ਸਪੱਸ਼ਟੀਕਰਨ ਦੇ ਦਿੱਤਾ ਸੀ। ਚੀਫ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਵੱਲੋਂ ਜਥੇਦਾਰ ਨੂੰ ਲਿਖਤੀ ਰੂਪ ਵਿਚ ਇਕ ਮਹੀਨੇ ਦਾ ਹੋਰ ਸਮਾਂ ਦੇਣ ਲਈ ਕਿਹਾ ਗਿਆ ਸੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 5 ਜੁਲਾਈ ਨੂੰ ਕਿਹਾ ਸੀ ਕਿ ਚੀਫ ਖਾਲਸਾ ਦੀਵਾਨ ਵੱਲੋਂ ਉਨ੍ਹਾਂ ਨੂੰ ਪੱਤਰ ਲਿਖ ਕੇ ਇਕ ਮਹੀਨੇ ਦਾ ਸਮਾਂ ਮੰਗਿਆ ਗਿਆ ਹੈ। ਪਰ ਇਹ ਵੀ ਪਤਾ ਲੱਗਾ ਹੈ ਕਿ 12 ਜੁਲਾਈ ਨੂੰ ਚੀਫ ਖ਼ਾਲਸਾ ਦੀਵਾਨ ਨੇ ਜਨਰਲ ਹਾਊਸ ਦੀ ਮੀਟਿੰਗ ਰੱਖੀ ਹੈ। ਉਨ੍ਹਾਂ ਕਿਹਾ ਸੀ ਕਿ 12 ਜੁਲਾਈ ਦੀ ਮੀਟਿੰਗ ਚੀਫ ਖਾਲਸਾ ਦੀਵਾਨ ਨੂੰ ਨਹੀਂ ਕਰਨੀ ਚਾਹੀਦੀ ਪਹਿਲਾਂ ਜੋ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੱਲ ਰਿਹਾ ਹੈ, ਉਸ ਨੂੰ ਖਤਮ ਕਰਨ ਦੀ ਸਖਤ ਜਰੂਰਤ ਹੈ। ਪਰ ਦੀਵਾਨ ਦੇ ਆਨਰੇਰੀ ਸਕੱਤਰ ਨੇ ਇਕ ਹੋਰ ਪੱਤਰ ਲਿਖ ਕੇ 20 ਜੁਲਾਈ ਨੂੰ ਦੀਵਾਨ ਵੱਲੋਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਸਲਾਨਾ ਕੀਤੇ ਜਾਣ ਵਾਲੇ ਸਮਾਗਮ ਦਾ ਹਵਾਲਾ ਦਿੰਦਿਆ ਇਸ ਮੀਟਿੰਗ ਨੂੰ ਜਰੂਰੀ ਦੱਸਿਆ ਸੀ। ਕੀਰਤਨ ਦਰਬਾਰ ਸਬੰਧੀ ਵਿਚਾਰਾਂ ਤੇ ਜ਼ਰੂਰੀ ਪ੍ਰਵਾਨਗੀਆਂ ਲਈ ਦਿੱਤੀ ਛੋਟ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੀਕੇਡੀ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਨੂੰ ਪੱਤਰ ਜਾਰੀ ਕਰਦਿਆ ਲਿਖਿਆ ਹੈ ਕਿ ਪੁੱਜੇ ਪੱਤਰ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹੁਕਮ ਅਨੁਸਾਰ 12 ਜੁਲਾਈ ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਹੋਣ ਵਾਲੀ ਇਕੱਤਰਤਾ ’ਚ ਸੰਸਥਾ ਵੱਲੋਂ 20 ਜੁਲਾਈ ਨੂੰ ਕਰਵਾਏ ਜਾ ਰਹੇ ਕੀਰਤਨ ਦਰਬਾਰ ’ਤੇ ਹੋਣ ਵਾਲੇ ਖਰਚਿਆਂ ਸਬੰਧੀ ਵਿਚਾਰਾਂ ਅਤੇ ਜਰੂਰੀ ਪ੍ਰਵਾਨਗੀਆਂ ਹੀ ਦਿੱਤੀਆਂ ਜਾਣ। ਜਦੋਂ ਤੱਕ ਚੀਫ ਖਾਲਸਾ ਦੀਵਾਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰ ਅਧੀਨ ਹੈ ਉਦੋਂ ਤੱਕ ਉਕਤ ਇਕੱਤਰਤਾ ਵਿਚ ਕਿਸੇ ਹੋਰ ਏਜੰਡੇ ਉੱਤੇ ਵਿਚਾਰ ਨਾ ਕੀਤੀ ਜਾਵੇ। 22 ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਪੱਤਰ ਜਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੋਰ ਪੱਤਰ ਜਾਰੀ ਕਰਦਿਆ ਆਨਰੇਰੀ ਸਕੱਤਰ ਰਮਣੀਕ ਸਿੰਘ ਨੂੰ ਲਿਖਿਆ ਹੈ ਕਿ 5 ਜੁਲਾਈ ਨੂੰ ਪੁੱਜੇ ਪੱਤਰ ਦੇ ਸਬੰਧ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਅਤੇ ਅਹੁਦੇਦਾਰਾਂ ਦੇ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਬਾਰੇ ਆਪਣਾ ਪੱਖ ਰੱਖਣ ਅਤੇ ਵਿਚਾਰ ਕਰਨ ਲਈ ਸੰਸਥਾ ਦੀ ਸਮੁੱਚੀ ਕਾਰਜਕਾਰਨੀ ਸਮੇਤ ਪ੍ਰਧਾਨ 22 ਜੁਲਾਈ ਨੂੰ ਸਵੇਰੇ 11 ਵਜੇ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਰੂਪ ਵਿਚ ਪਹੁੰਚਣ। ਇਹ ਪੱਤਰ ਜਾਰੀ ਹੋਣ ਤੋਂ ਬਾਅਦ ਦੀਵਾਨ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਦੇ ਮੈਂਬਰਾਂ ਨੂੰ ਸਮਾਂਬਦ ਪੇਸ਼ ਹੋਣ ਲਈ ਲਾਂਮਬੰਦ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button