ਲਖਨਊ/ਰੋਪੜ, 11 ਜੁਲਾਈ : ਨਿਵੇਸ਼ਕਾਂ ਨੂੰ ਦਿਲਕਸ਼ ਯੋਜਨਾਵਾਂ ਦਾ ਝਾਂਸਾ ਦੇ ਕੇ 49 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਵਾਲੀ ਪਰਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐੱਲ) ਦੇ ਮਾਲਕ ਗੁਰਨਾਮ ਸਿੰਘ ਨੂੰ ਆਰਥਿਕ ਅਪਰਾਧ ਬ੍ਰਾਂਚ (ਈਓਡਬਲਯੂ) ਨੇ ਪੰਜਾਬ ਦੇ ਰੋਪੜ ਤੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੋਂਜੀ ਸਕੀਮ ਰਾਹੀਂ ਦੇਸ਼ ਦੇ ਸਭ ਤੋਂ ਵੱਡੇ ਇਸ ਆਰਥਿਕ ਅਪਰਾਧ ’ਚ ਗੁਰਨਾਮ ਸਿੰਘ ਨੂੰ ਪਹਿਲਾਂ ਸੀਬੀਆਈ ਨੇ ਸਾਲ 2016 ’ਚ ਦਿੱਲੀ ’ਚ ਦਰਜ ਮੁਕੱਦਮੇ ’ਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ, ਜਿਸ ਦੇ ਬਾਅਦ ਉਹ ਜ਼ਮਾਨਤ ’ਤੇ ਬਾਹਰ ਆ ਗਿਆ ਸੀ। ਰੋਪੜ ’ਚ ਆਪਣੇ ਪਿੰਡ ਤੋਂ ਦੂਰ ਫਾਰਮ ਹਾਊਸ ’ਚ ਲੁੱਕ ਕੇ ਰਹਿ ਰਿਹਾ ਸੀ। ਈਓਡਬਲਯੂ ਨੇ ਨਿਵੇਸ਼ਕਾਂ ਵੱਲੋਂ ਉੱਤਰ ਪ੍ਰਦੇਸ਼ ਦੇ ਜਾਲੌਨ ’ਚ ਦਰਜ ਕਰਾਏ ਗਏ ਮੁਕੱਦਮੇ ਤਹਿਤ ਗੁਰਨਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਏਸੀਐੱਲ ਨੇ ਉੱਤਰ ਪ੍ਰਦੇਸ਼ ਸਮੇਤ 10 ਸੂਬਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਕੰਪਨੀ ਨੇ ਪੰਜਾਬ, ਅਸਾਮ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼•, ਆਂਧਰ ਪ੍ਰਦੇਸ਼•, ਕੇਰਲ, ਬਿਹਾਰ ਤੇ ਛੱਤੀਸਗੜ੍ਹ ’ਚ ਆਪਣੀਆਂ ਬ੍ਰਾਂਚਾਂ ਖੋਲ੍ਹੀਆਂ ਸਨ। ਡੀਜੀਈਓਡਬਲਯੂ ਨੀਰਾ ਰਾਵਤ ਮੁਤਾਬਕ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਸਾਲ-2018 ’ਚ ਈਓਡਬਲਯੂ ਨੂੰ ਸੌਂਪੀ ਸੀ। ਨਿਵੇਸ਼ਕਾਂ ਨਾਲ ਠੱਗੀ ਦੇ ਇਸ ਮਾਮਲੇ ’ਚ ਅਲੱਗ-ਅਲੱਗ ਸੂਬਿਆਂ ’ਚ ਮੁਕੱਦਮੇ ਦਰਜ ਕਰਾਏ ਗਏ ਸਨ। ਕੁਝ ਮੁਕੱਦਮਿਆਂ ਦੀ ਜਾਂਚ ਸੀਬੀਆਈ ਨੇ ਵੀ ਕੀਤੀ ਹੈ। ਜਾਲੌਨ ’ਚ ਦਰਜ ਮੁਕੱਦਮੇ ’ਚ ਗੁਰਨਾਮ ਸਿੰਘ ਸਮੇਤ 10 ਨਾਮਜ਼ਦ ਮੁਲਜ਼ਮ ਹਨ। ਇਨ੍ਹਾਂ ’ਚ ਚਾਰ ਮੁਲਜ਼ਮ ਸੀਬੀਆਈ ਦੇ ਕੇਸ ’ਚ ਵੀ ਲੁੜੀਂਦੇ ਸਨ, ਜਿਨ੍ਹਾਂ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ। ਤਿਹਾੜ ਜੇਲ੍ਹ ’ਚ ਬੰਦ ਇਨ੍ਹਾਂ ਮੁਲਜ਼ਮਾਂ ਖਿਲਾਫ਼ ਬੀ ਵਾਰੰਟ ਲਿਆ ਗਿਆ ਹੈ। ਈਓਡਬਲਯੂ ਦੋ ਹੋਰ ਮੁਲਜ਼ਮਾਂ ਦੀ ਭਾਲ ਕਰ ਰਿਹਾ ਹੈ।
ਰਿਜ਼ਰਵ ਬੈਂਕ ’ਚ ਰਜਿਸਟ੍ਰੇਸ਼ਨ ਕਰਾਏ ਬਿਨਾ ਹੀ ਬੈਂਕਿੰਗ ਕਾਰਜ ਸ਼ੁਰੂ
ਪੀਏਸੀਐੱਲ ਦਾ ਨਾਂ ਪਹਿਲਾਂ ਗੁਰਵੰਤ ਐਗਰੋਟੈਕ ਲਿਮਟਿਡ ਸੀ, ਜਿਸ ਦੀ ਰਜਿਸਟ੍ਰੇਸ਼ਨ ਰਾਜਸਥਾਨ ’ਚ ਸਾਲ 1996 ’ਚ ਕਰਾਇਆ ਗਿਆ ਸੀ। ਬਾਅਦ ’ਚ ਪੀਏਸੀਐੱਲ ਦੀ ਰਜਿਸਟ੍ਰੇਸ਼ਨ ਰਾਜਸਥਾਨ ’ਚ ਸਾਲ 2011 ’ਚ ਕਰਾਇਆ ਗਿਆ। ਕੰਪਨੀ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਬਾਰ੍ਹਾ ਖੰਭਾ ਰੋਡ ਖੇਤਰ ’ਚ ਸੀ। ਕੰਪਨੀ ਦੇ ਮਾਲਿਕ ਗੁਰਨਾਮ ਸਿੰਘ ਨੇ ਹੋਰ ਸਿਹਯੋਗੀ ਮਾਲਿਕ ਗੁਰਨਾਮ ਸਿੰਘ ਨੇ ਹੋਰ ਸਹਿਯੋਗੀ ਮਾਲਿਕਾਂ ਨਾਲ ਮਿਲ ਕੇ 10 ਸੂਬਿਆਂ ’ਚ ਬ੍ਰਾਂਚਾਂ ਖੋਲ੍ਹੀਆਂ ਸਨ। ਕੰਪਨੀ ਨੇ ਰਿਜ਼ਰਵ ਬੈਂਕ ’ਚ ਰਜਿਸਟ੍ਰੇਸ਼ਨ ਕਰਾਏ ਬਿਨਾ ਹੀ ਬੈਂਕਿੰਗ ਕਾਰਜ ਸ਼ੁਰੂ ਕਰ ਦਿੱਤਾ। ਨਿਵੇਸ਼ਕਾਂ ਨੂੰ ਦਿਲਕਸ਼ ਯੋਜਨਾਵਾਂ ਦੇ ਤਹਿਤ ਜਮ੍ਹਾ ਪੂੰਜੀ ’ਤੇ ਦੁੱਗਣੇ ਵਿਆਜ ਦੇ ਨਾਲ ਜ਼ਮੀਨ ਦੇਣ ਦਾ ਝਾਂਸਾ ਦੇ ਕੇ ਨਿਵੇਸ਼ ਕਰਾਇਆ ਸੀ।
250 ਕਰੋੜ ਦੇ ਘੁਟਾਲੇ ’ਚ ਲੁੜੀਂਦੇ ਪ੍ਰੇਮ ਪ੍ਰਕਾਸ਼ ਸਿੰਘ ਕੋਲਕਾਤਾ ’ਚ ਗ੍ਰਿਫ਼ਤਾਰ
ਈਓਡਬਲਯੂ ਨੇ ਵਿਸ਼ੇਸ਼ ਮੁਹਿੰਮ ਤਹਿਤ ਵੀ-ਕੇਅਰ ਮਲਟੀਟ੍ਰੇਡ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਲਗਪਗ 250 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਲੁੜੀਂਦੇ ਮੁਲਜ਼ਮ ਪ੍ਰੇਮ ਪ੍ਰਕਾਸ਼ ਸਿੰਘ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੂਲ ਰੂਪ ਨਾਲ ਰਾਂਚੀ ਦੇ ਪ੍ਰੇਮ ਪ੍ਰਕਾਸ਼ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਖਨਊ ਲਿਆਂਦਾ ਜਾ ਰਿਹਾ ਹੈ। ਦਿੱਲੀ ’ਚ ਰਿਜਸਟਰਡ ਇਸ ਕੰਪਨੀ ਨੇ ਲਖਨਊ ਦੇ ਕ੍ਰਿਸ਼ਨਾਨਗਰ ’ਚ ਆਪਣਾ ਖੇਤਰੀ ਦਫਤਰ ਖੋਲ੍ਹਿਆ ਸੀ। ਕੰਪਨੀ ਦੇ ਮਾਲਿਕਾਂ ਨੇ ਵੱਖ ਵੱਖ ਕੰਪਨੀਆਂ ਦੀ ਬੀਮਾ ਪਾਲਿਸੀ ਉਨ੍ਹਾਂ ਦੇ ਜ਼ਰੀਏ ਲੈਣ ’ਤੇ ਹੋਰ ਲਾਭ ਤੇ ਵਾਹਨ ਤੱਕ ਦੇਣ ਦੇ ਦਾਅਵੇ ਕਰ ਕੇ ਆਪਣੇ ਜਾਲ ’ਚ ਫਸਾਇਆ ਸੀ। ਲਗਪਗ 250 ਕਰੋੜ ਰੁਪਏ ਦੀ ਪਾਲਿਸੀ ਕਰਾ ਕੇ ਕੰਪਨੀ ਮਾਲਿਕ ਭੱਜ ਗਏ ਸਨ। ਮਾਮਲੇ ’ਚ ਲਖਨਊ ਦੇ ਕ੍ਰਿਸ਼ਨਾਨਗਰ ਤੇ ਆਸ਼ੀਆਨਾ ਥਾਣੇ ’ਚ 26 ਮੁਕੱਦਮੇ ਦਰਜ ਕਰਾਏ ਗਏ ਸਨ, ਜਿਨ੍ਹਾਂ ਦੀ ਜਾਂਚ ਸਾਲ 2015 ’ਚ ਈਓਡਬਲਯੂ ਨੂੰ ਸੌਂਪੀ ਗਈ ਸੀ। ਜਾਂਚ ’ਚ ਕੁੱਲ 23 ਮੁਲਜ਼ਮ ਦੋਸ਼ੀ ਪਾਏ ਗਏ ਸਨ, ਜਿਨ੍ਹਾਂ ’ਚ 19 ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਕ ਮੁਲਜ਼ਮ ਦੀ ਮੌਤ ਹੋ ਗਈ। ਦੋ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।
URL Copied