Punjab

ਅਮਰੀਕਾ ਤੋਂ ਡਿਪੋਰਟ ਕੀਤੇ ਗਏ 18 ਨੌਜਵਾਨਾਂ ’ਚੋਂ ਸਿਰਫ਼ ਤਿੰਨ ਨੇ ਹੀ ਦਰਜ ਕਰਵਾਇਆ ਕੇਸ

ਹੁਣ ਤੱਕ ਹੋਈਆਂ ਸਿਰਫ਼ ਦੋ ਗ੍ਰਿਫ਼ਤਾਰੀਆਂ

ਗੁਰਦਾਸਪੁਰ, 11 ਜੁਲਾਈ : ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਅਮਰੀਕਾ ਗਏ ਜ਼ਿਲ੍ਹੇ ਦੇ 18 ਨੌਜਵਾਨਾਂ ਨੂੰ ਫਰਵਰੀ ’ਚ ਡਿਪੋਰਟ ਕਰ ਦਿੱਤਾ ਗਿਆ ਸੀ। ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ ਗਏ ਇਨ੍ਹਾਂ ਨੌਜਵਾਨਾਂ ਦੇ ਸੁਪਨੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ ਹਨ। 18 ਨੌਜਵਾਨਾਂ ’ਚੋਂ ਸਿਰਫ਼ ਤਿੰਨ ਨੇ ਹੀ ਮੁਲਜ਼ਮ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰਵਾਏ ਸਨ। ਦੋ ਮਾਮਲਿਆਂ ’ਚ ਛੇ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ ਜਿਨ੍ਹਾਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਇਕ ਨੂੰ ਜ਼ਮਾਨਤ ਵੀ ਮਿਲ ਗਈ ਹੈ। ਜੁਗਰਾਜ ਸਿੰਘ ਵਾਸੀ ਚੌਧਰਪੁਰ ਦੀ ਸ਼ਿਕਾਇਤ ’ਤੇ ਦਰਜ ਮਾਮਲੇ ਵਿਚ ਥਾਣਾ ਸੇਖਵਾਂ ਦੀ ਪੁਲਿਸ ਨੇ ਮੁਲਜ਼ਮ ਮਲਕੀਤ ਸਿੰਘ ਤੇ ਬਲਦੇਵ ਸਿੰਘ ਵਾਸੀ ਖਾਨ ਪਿਆਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਚੋਂ ਮਲਕੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਜਦਕਿ ਬਲਦੇਵ ਸਿੰਘ ਜੇਲ੍ਹ ਵਿਚ ਹੈ। ਇਸੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਬਾਠ ਤੇ ਦਿਨੇਸ਼ ਦੋਵੇਂ ਨਿਵਾਸੀ ਅੰਬਾਲਾ ਕੈਂਟ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਹਰਜੀਤ ਸਿੰਘ ਤੇ ਸੁਰਿੰਦਰ ਸਿੰਘ ਨਿਵਾਸੀ ਖਾਨੋਵਾਲ ਦੀ ਸ਼ਿਕਾਇਤ ’ਤੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਨੇ ਮੁਲਜ਼ਮ ਦਿਲਰਾਜ ਸਿੰਘ ਤੇ ਇਕਬਾਲ ਸਿੰਘ ਨਿਵਾਸੀ ਰੁਡਿਆਣਾ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿਚੋਂ ਦਿਲਰਾਜ ਸਿੰਘ ਅਮਰੀਕਾ ਵਿਚ ਰਹਿੰਦਾ ਹੈ ਜਦਕਿ ਇਕਬਾਲ ਸਿੰਘ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਵਾਪਸ ਆਇਆ ਹੈ ਤੇ ਇਸ ਸਮੇਂ ਆਪਣੇ ਪਿੰਡ ’ਚ ਹੀ ਰਹਿੰਦਾ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਜਿਨ੍ਹਾਂ ਏਜੰਟਾਂ ਵਿਰੁੱਧ ਦੋਵਾਂ ਮਾਮਲਿਆਂ ਵਿਚ ਕੇਸ ਦਰਜ ਕੀਤਾ ਗਿਆ ਸੀ, ਉਹ ਆਪਣੇ ਘਰਾਂ ’ਚੋਂ ਹੀ ਧੋਖਾਧੜੀ ਦੀ ਸਾਰੀ ਖੇਡ ਚਲਾ ਰਹੇ ਸਨ। ਪੀੜਤਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਗਿਆ ਸੀ। ਇਹ ਨੌਜਵਾਨ ਕਈ ਦਿਨਾਂ ਤੋਂ ਵੱਖ-ਵੱਖ ਦੇਸ਼ਾਂ ਤੇ ਜੰਗਲਾਂ ਰਾਹੀਂ ਅਮਰੀਕਾ ਪੁੱਜੇ ਸਨ। ਜਿਉਂ ਹੀ ਉਹ ਉੱਥੇ ਪੁੱਜੇ, ਬਾਰਡਰ ਪੈਟਰੋਲ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉੱਥੋਂ ਕੁਝ ਸਮੇਂ ਲਈ ਕੈਂਪਾਂ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button