Punjab

ਬੇਅਦਬੀ ਦੀ ਸਜ਼ਾ ਲਈ ਬੁਲਾਇਆ ਸੈਸ਼ਨ, ਬਿੱਲ ਹਾਲੇ ਤੱਕ ਨਹੀਂ ਆਇਆ: ਪ੍ਰਤਾਪ ਸਿੰਘ ਬਾਜਵਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 11 ਜੁਲਾਈ :  ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਦੁਹਰਾਇਆ ਹੈ ਕਿ ਸਪੀਕਰ ਨੂੰ ਰਾਜ ਦੀ ਕਾਨੂੰਨ ਵਿਵਸਥਾ ਅਤੇ ਲੈਂਡ ਪੂਲਿੰਗ ਨੀਤੀ ’ਤੇ ਹਰ ਇਕ ਦਿਨ ਦੀ ਚਰਚਾ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਪੰਚਾਇਤਾਂ ਵਿਚ ਪ੍ਰਸਤਾਵ ਪੇਸ਼ ਕੀਤੇ ਜਾ ਰਹੇ ਹਨ। ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਖਰਾਬ ਹੈ ਕਿ ਅਬੋਹਰ ਵਿਚ ਦਿਨ ਦਿਹਾੜੇ ਵਪਾਰੀ ਨੂੰ ਗੋਲੀ ਮਾਰੀ ਜਾ ਰਹੀ ਹੈ। ਵਿਧਾਨ ਸਭਾ ਦੇ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਬੇਅਦਬੀ ਕਰਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਕਰਨ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਹੈ ਪਰ ਵਿਰੋਧੀ ਪਾਰਟੀ ਨੂੰ ਅਜੇ ਤੱਕ ਬਿੱਲ ਦੀ ਕਾਪੀ ਵੀ ਨਹੀਂ ਦਿੱਤੀ ਗਈ। ਬਾਜਵਾ ਨੇ ਸਰਕਾਰ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇ ਵਿਰੋਧੀ ਪਾਰਟੀ ਨੂੰ ਬਿੱਲ ਦੀ ਕਾਪੀ ਨਹੀਂ ਮਿਲੇਗੀ, ਤਾਂ ਉਹ ਚਰਚਾ ਕਿਵੇਂ ਕਰੇਗੀ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਸਰਕਾਰ ਸ਼ੁੱਕਰਵਾਰ ਨੂੰ ਬਿੱਲ ਲਿਆਉਣਾ ਚਾਹੁੰਦੀ ਹੈ ਪਰ ਬਿੱਲ ਹਾਲੇ ਵੀ ਤਿਆਰ ਨਹੀਂ ਹੈ। ਅਕਾਲੀ ਵਿਧਾਇਕ ਗਨੀਵ ਕੌਰ ਮਜੀਠੀਆ ਦੇ ਸਬੰਧ ਵਿਚ ਦਿੱਤੇ ਬਿਆਨ ਨੂੰ ਸੰਪਾਦਿਤ ਕਰਨ ਦੇ ਮਾਮਲੇ ’ਚ ਬਾਜਵਾ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੂੰ ਇਕ-ਦੋ ਦਿਨ ਦਾ ਸਮਾਂ ਹੋਰ ਦਿੱਤਾ ਜਾਵੇਗਾ, ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਕੋਰਟ ਦਾ ਸਹਾਰਾ ਲਵਾਂਗੇ ਕਿਉਂਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਦੀ ਵੀਡੀਓ ਨੂੰ ਸੰਪਾਦਿਤ ਕਰਕੇ ਆਪਣੇ ਐਕਸ ਖਾਤੇ ’ਤੇ ਸਾਂਝਾ ਕੀਤਾ ਜਦਕਿ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦਾ ਵਿਰੋਧ ਕਦੇ ਨਹੀਂ ਕੀਤਾ। ਬਾਜਵਾ ਨੇ ਕਿਹਾ ਕਿ ਉਹ ਤਾਂ 12 ਸਾਲਾਂ ਤੋਂ ਡਰੱਗਜ਼ ਮਾਮਲੇ ਵਿਚ ਕਾਨੂੰਨੀ ਲੜਾਈ ਲੜ ਰਹੇ ਹਨ।

Related Articles

Leave a Reply

Your email address will not be published. Required fields are marked *

Back to top button