Punjab

ਹਾਈਕਮਾਨ ‘ਆਪ’ ਆਗੂਆਂ ਦੀ ਖੁਫ਼ੀਆ ਵਿਭਾਗ ਰਾਹੀ ਲੈ ਰਹੀ ਫੀਡਬੈਕ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 5 ਜੁਲਾਈ : ਹਾਲਾਂਕਿ ਵਿਧਾਨ ਸਭਾ ਚੋਣਾਂ ਅਜੇ ਦੂਰ ਹਨ, ਪਰ ਆਮ ਆਦਮੀ ਪਾਰਟੀ ਵੱਲੋਂ ਹੇਠਲੇ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਸਰ ਰਸੂਖ ਰੱਖਣ ਵਾਲੇ ਆਗੂਆਂ, ਵਲੰਟਰੀਅਰਜ਼ ਬਾਰੇ ਫੀਡਬੈਕ ਇਕੱਤਰ ਕੀਤੀ ਜਾ ਰਹੀ ਹੈ। ਕਿਸੇ ਵਿਸ਼ੇਸ਼ ਵਿਅਕਤੀ ਬਾਰੇ ਪਹਿਲਾਂ ਪਾਰਟੀ ਆਗੂਆਂ ਤੇ ਵਰਕਰਾਂ ਰਾਹੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਸਰਕਾਰੀ ਤੰਤਰ, ਖ਼ੁਫੀਆ ਵਿਭਾਗ ਰਾਹੀਂ ਪੂਰੀ ਫੀਡਬੈਕ ਮੰਗੀ ਜਾ ਰਹੀ ਹੈ। ਅਜਿਹਾ ਸੂਬੇ ’ਚ ਪਾਰਟੀ ਦਾ ਜਥੇਬੰਦਕ ਢਾਂਚਾ ਬਦਲਣ ਤੋਂ ਬਾਅਦ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਹਲਕਾ ਇੰਚਾਰਜ, ਹਲਕਾ ਸੰਗਠਨ ਇੰਚਾਰਜ ਸਮੇਤ ਹੋਰ ਅਹੁਦਿਆ ’ਤੇ ਆਗੂਆਂ ਨੂੰ ਨਿਯੁਕਤ ਕਰਨ ਲਈ ਉਨ੍ਹਾਂ ਆਗੂਆਂ ਬਾਰੇ ਜਾਣਕਾਰੀ ਇਕੱਤਰ ਕਰ ਰਹੀ ਹੈ, ਜਿਹਨਾਂ ਦਾ ਇਲਾਕੇ ਵਿਚ ਚੰਗਾ ਅਧਾਰ ਅਤੇ ਚੰਗਾ ਆਚਰਣ ਹੋਵੇ। ਪਾਰਟੀ ਨੇ ਪਿਛਲੇ ਦਿਨਾਂ ’ਚ ਆਦਮਪੁਰ, ਰਾਜਾਸਾਂਸੀ, ਫਗਵਾੜਾ, ਕਪੂਰਥਲਾ ਤੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਦਰਜਨਾਂ ਹਲਕਿਆਂ ਦੇ ਸੰਗਠਨ ਇੰਚਾਰਜ ਵੀ ਨਿਯੁਕਤ ਕੀਤੇ ਸਨ। ਖੁਫ਼ੀਆ ਵਿਭਾਗ ਦੇ ਸੂਤਰਾਂ ਅਨੁਸਾਰ ਹਰੇਕ ਜ਼ਿਲ੍ਹੇ ’ਚ ਕੁਝ ਵਿਸ਼ੇਸ਼ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਕਈ ਹਲਕਿਆਂ ’ਚ ਵਿਧਾਇਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਵੀ ਇਕੱਠਾ ਕੀਤਾ ਜਾ ਰਿਹਾ ਹੈ। ਚੋਣਾਂ ਮੌਕੇ ਕਿਹੋ ਜਿਹਾ ਰੰਗ ਹੋਵੇਗਾ ਤੇ ਲੋਕਾਂ ਨੇ ਕਿਹੜੇ ਨੇਤਾ ਨੂੰ ਮਾਨਤਾ ਦੇਣੀ ਹੁੰਦੀ ਹੈ, ਲੋਕਤੰਤਰ ’ਚ ਇਹ ਵੋਟਰਾਂ ਦੇ ਹੱਥ ਹੈ, ਪਰ ਆਪ ਹਾਈਕਮਾਨ ਨੇ 2027 ਦੀਆਂ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ। ਜਿਸ ਕਰ ਕੇ ਪਾਰਟੀ ਦਾ ਪੂਰਾ ਜ਼ੋਰ ਜਥੇਬੰਦਕ ਢਾਂਚੇ ਨੂੰ ਮੁੜ ਤੋਂ ਮਜ਼ਬੂਤ ਕਰਨ ’ਤੇ ਲੱਗਿਆ ਹੋਇਆ ਹੈ। ਪਾਰਟੀ ਦੇ ਪੁਰਾਣੇ ਆਗੂਆਂ, ਅਹੁਦੇਦਾਰਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਇਲਾਕੇ ’ਚ ਚੰਗਾ ਆਧਾਰ ਤੇ ਸਿਆਸੀ ਪੈਂਠ ਹੈ, ਜਿਹੜੇ ਸੈਂਕੜਿਆਂ ਜਾਂ ਹਜ਼ਾਰ ਵਿਅਕਤੀਆਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦੇ ਹਨ, ਉਨ੍ਹਾਂ ਰੁੱਸੇ ਆਗੂਆਂ ਨੂੰ ਵੀ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਹਿਲਾਂ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਜ਼ਿੰਮੇਵਾਰੀ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇਖ ਰਹੇ ਸਨ, ਹੁਣ ਪੰਜਾਬ ਦੀ ਵਾਗਡੋਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਤੇ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਦੇ ਹੱਥ ’ਚ ਹੈ। ਇਸ ਕਰ ਕੇ ਪਾਰਟੀ ਨੇ ਹੇਠਲੇ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜਿਹੜੇ ਰੁੱਸੇ ਹੋਏ ਨਾਰਾਜ਼ ਵਲੰਟਰੀਅਰਜ਼ ਜਾਂ ਆਗੂ ਹਨ, ਉਨ੍ਹਾਂ ਨੂੰ ਪਾਰਟੀ ਦੇ ਆਗੂ ਮਨਾਉਣ ਦਾ ਯਤਨ ਕਰ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਈ ਵਿਧਾਇਕਾਂ ਬਾਰੇ ਪਾਰਟੀ ਨੂੰ ਚੰਗੀ ਫੀਡਬੈਕ ਨਹੀਂ ਮਿਲ ਰਹੀ। ਹੇਠਲੇ ਪੱਧਰ ’ਤੇ ਇਹਨਾਂ ਬਾਰੇ ਪਾਰਟੀ ਨੂੰ ਵੱਖ -ਵੱਖ ਤਰ੍ਹਾਂ ਦੀਆਂ ਕਈ ਗੰਭੀਰ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਇਸ ਕਰਕੇ ਅਗਲੀ ਚੋਣਾਂ ਵਿਚ ਸਰਕਾਰ ਦੀ ਸੱਤਾ ਵਿਰੋਧੀ ਲਹਿਰਾ ਦਾ ਭਾਂਡਾ ਇਹਨਾਂ ਵਿਧਾਇਕਾਂ ਦੇ ਸਿਰ ਭੰਨਿਆ ਜਾ ਸਕਦਾ ਹੈ ਅਤੇ ਦੋ ਦਰਜਨ ਤੋ ਵੱਧ ਵਿਧਾਇਕਾਂ ਦੀਆਂ ਟਿਕਟਾਂ ਕੱਟੀਆ ਜਾ ਸਕਦੀਆਂ ਹਨ।

Related Articles

Leave a Reply

Your email address will not be published. Required fields are marked *

Back to top button