PSEB ‘ਚ ਗੰਭੀਰ ਬੇਧਿਆਨੀ ਦਾ ਮਾਮਲਾ ਆਇਆ ਸਾਹਮਣੇ, ਬਿਨਾਂ ‘ਨਾਟ ਫਾਰ ਸੇਲ’ ਲੇਬਲ ਦੇ ਛਾਪੀਆਂ ਗਣਿਤ ਦੀਆਂ ਕਿਤਾਬਾਂ

ਐੱਸਏਐੱਸ ਨਗਰ, 3 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਗੰਭੀਰ ਬੇਧਿਆਨੀ ਦਾ ਮਾਮਲਾ ਸਾਹਮਣੇ ਆਇਆ ਹੈ। ਬੋਰਡ ਵੱਲੋਂ ਪੰਜਵੀਂ ਕਲਾਸ ਦੀਆਂ ਗਣਿਤ ਦੀਆਂ ਟੈਕਸਟ ਬੁੱਕ ‘ਗਣਿਤ ਦੀ ਦੁਨੀਆ’ ਦੀਆਂ ਲਗਪਗ 20,000 ਕਾਪੀਆਂ ਛਾਪੀਆਂ ਗਈਆਂ ਹਨ ਪਰ ਇਨ੍ਹਾਂ ਉੱਤੇ ਲਾਜ਼ਮੀ ‘ਨਾਟ ਫਾਰ ਸੇਲ’ (ਵੇਚਣ ਲਈ ਨਹੀਂ) ਲੇਬਲ ਨਹੀਂ ਲਾਇਆ ਗਿਆ। ਇਹ ਕਿਤਾਬਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵੰਡਣ ਲਈ ਤਿਆਰ ਕਰਵਾਈਆਂ ਜਾਂਦੀਆਂ ਹਨ। ਲੇਬਲ ਨਾ ਹੋਣ ਕਾਰਨ ਇਨ੍ਹਾਂ ਕਿਤਾਬਾਂ ਨੂੰ ਬਿਨਾਂ ਰੋਕ-ਟੋਕ ਬਾਜ਼ਾਰ ਵਿੱਚ ਵੇਚਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਸ ਲਾਪਰਵਾਹੀ ਕਾਰਨ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਹੁਣ ਬੋਰਡ ਵੱਲੋਂ ਸਾਰੇ ਜ਼ਿਲ੍ਹਾ ਅਤੇ ਖੇਤਰ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਤੁਰੰਤ ਰਿਪੋਰਟ ਦਿੱਤੀ ਜਾਵੇ ਕਿ ਕਿੰਨੀਆਂ ਕਾਪੀਆਂ ਬਿਨਾਂ ਲੇਬਲ ਦੇ ਵੰਡੀਆਂ ਗਈਆਂ ਹਨ। ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਸਕੂਲ ਸਿੱਖਿਆਂ ਬੋਰਡ ਦੇ ਸੂਤਰਾਂ ਅਨੁਸਾਰ ਜਿਨ੍ਹਾਂ ਕਾਪੀਆਂ ’ਤੇ ਲੇਬਲ ਨਹੀਂ ਛਪਿਆ, ਉਨ੍ਹਾਂ ਦੀ ਲਾਗਤ ਦੇ ਤਿੰਨ ਗੁਣਾ ਜੁਰਮਾਨਾ ਛਪਾਈ ਕਰਨ ਵਾਲੀ ਜਲੰਧਰ ਦੀ ਕੰਪਨੀ ’ਤੇ ਲਗਾਇਆ ਜਾਵੇਗਾ।



