Punjab

ਮੋਹਾਲੀ ਜਾਣ ਤੋਂ ਪਹਿਲਾਂ ਘਰ ’ਚ ਨਜ਼ਰਬੰਦ ਕੀਤੇ ਇਕਬਾਲ ਸਿੰਘ ਸੰਧੂ ਨੇ ਕੋਸੀ ਸਰਕਾਰ

ਕਿਹਾ- ਇੰਝ ਨਹੀਂ ਦਬਾਇਆ ਜਾ ਸਕਦਾ ਅਕਾਲੀ ਦਲ ਦੇ ਜਜ਼ਬੇ ਨੂੰ

ਤਰਨਤਾਰਨ, 3 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਦਾਲਤ ਵਿਚ ਪੇਸ਼ੀ ਮੌਕੇ ਉਨ੍ਹਾਂ ਦਾ ਹਾਲ ਜਾਨਣ ਲਈ ਜਾਣ ਤੋਂ ਪਹਿਲਾਂ ਘਰ ਵਿਚ ਨਜ਼ਰਬੰਦ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਨੇ ਸਰਕਾਰ ’ਤੇ ਭੜਾਸ ਕੱਢਦਿਆਂ ਕਿਹਾ ਕਿ ਇਸ ਤਰ੍ਹਾਂ ਨਾਲ ਅਕਾਲੀ ਵਰਕਰਾਂ ਦੇ ਜਜ਼ਬੇ ਨੂੰ ਦਬਾਇਆ ਨਹੀਂ ਜਾ ਸਕਦਾ। ਬਲਕਿ ਅਕਾਲੀ ਦਲ ਉਹ ਪਾਰਟੀ ਹੈ, ਜਿਸ ਨੂੰ ਜਿੰਨਾ ਦਬਾਇਆ ਗਿਆ, ਇਹ ਉਨ੍ਹਾਂ ਉੱਭਰ ਕੇ ਸਾਹਮਣੇ ਆਈ ਹੈ। ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹਰ ਪਲੇਟਫਾਰਮ ’ਤੇ ਫੇਲ ਰਹੀ ਆਪ ਸਰਕਾਰ ਦਾ ਸੱਚ ਲੋਕਾਂ ਸਾਹਮਣੇ ਰੱਖਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਸਰਕਾਰ ਵਿਜੀਲੈਂਸ ਦੀ ਦੁਰਵਤੋਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਜੀਠਾ ਵਿਚ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕ ਗਨੀਵ ਕੌਰ ਨੂੰ ਉਨ੍ਹਾਂ ਦੇ ਦਫਤਰ ਤੱਕ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਲੋਕ ਤੰਤਰ ਵਿਚ ਅਜਿਹੀ ਤਾਨਾਸ਼ਾਹੀ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਬੁੱਧਵਾਰ ਜਦੋਂ ਮੋਹਾਲੀ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ਤਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਅਕਾਲੀ ਆਗੂ ਤੇ ਵਰਕਰ ਮੋਹਾਲੀ ਪਹੁੰਚ ਕੇ ਮਜੀਠੀਆ ਦਾ ਹਾਲ ਜਾਨਣਾ ਚਾਹੁੰਦੇ ਸਨ। ਪਰ ਦਿਨ ਚੜ੍ਹਦਿਆਂ ਹੀ ਸਾਰੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ ਦਲ ਨੂੰ ਜਿੰਨਾ ਦਬਾਇਆ ਗਿਆ, ਇਹ ਉਨ੍ਹਾਂ ਜਿਆਦਾ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਪੰਜਾਬ ਦੇ ਲੋਕ ਵੀ ਹੁਣ ਜਾਣ ਚੁੱਕੇ ਹਨ ਕਿ ਬਾਹਰੀ ਲੋਕਾਂ ਵੱਲੋਂ ਚਲਾਈ ਜਾ ਰਹੀ ਸਰਕਾਰ ਸੂਬੇ ਦੇ ਹਿੱਤਾਂ ਦੀ ਰਖਵਾਲੀ ਨਹੀਂ ਕਰ ਸਕਦੀ। ਇਕਬਾਲ ਸਿੰਘ ਸੰਧੂ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਸੂਬੇ ਦੀ ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਤਾਂ ਜੋ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਨੂੰ ਸੂਬੇ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button