
ਜਲੰਧਰ, 30 ਜੂਨ : ਸ਼ਹਿਰ ਦੇ ਗੜ੍ਹਾ ਇਲਾਕੇ ’ਚ ਸਥਿਤ ਇਕ ਘਰ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦਿਆ ਹੀ ਸ਼ਹਿਰ ਦੀਆ ਸਿੱਖ ਜਥੇਬੰਦੀਆ ਗੜ੍ਹਾ ਇਲਾਕੇ ’ਚ ਪੁੱਜ ਗਈਆਂ ਜਿਸ ਕਾਰਨ ਉਥੇ ਹੰਗਾਮਾ ਸ਼ੁਰੂ ਹੋ ਗਿਆ। ਓਧਰ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਤੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਮੌਕੇ ’ਤੇ ਪੁੱਜੇ ਏਡੀਸੀਪੀ ਹਰਿੰਦਰ ਸਿੰਘ ਗਿੱਲ ਤੇ ਏਸੀਪੀ ਮਾਡਲ ਟਾਊਨ ਨੇ ਬੇਅਦਬੀ ਦੀ ਘਟਨਾ ਦਾ ਜਾਇਜ਼ਾ ਲਿਆ। ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ’ਚ ਪੁੱਛਗਿੱਛ ਲਈ ਉਕਤ ਪਰਿਵਾਰ ਤੇ ਕੁਝ ਹੋਰ ਸ਼ੱਕੀ ਲੋਕਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।



