
ਬਟਾਲਾ, 30 ਜੂਨ : ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਬਟਾਲਾ ਦੇ ਨਜ਼ਦੀਕੀ ਪਿੰਡ ਬੋਦੇ ਦੀ ਖੁਸ਼ੀ ਵਿਖੇ ਪੀਰ ਦੀ ਜਗ੍ਹਾ ‘ਤੇ ਚੱਲ ਰਹੇ ਮੇਲੇ ਦੌਰਾਨ ਤਿੰਨ ਚਾਰ ਨੌਜਵਾਨਾਂ ਨੇ ਪਿੰਡ ਦੇ ਸਰਪੰਚ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਸਰਪੰਚ ਸਮੇਤ ਪੰਜ ਹੋਰ ਜ਼ਖਮੀ ਹੋ ਗਏ ਹਨ। ਸਰਪੰਚ ਅਤੇ ਤਿੰਨ ਹੋਰਾਂ ਨੂੰ ਇਲਾਜ ਲਈ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਹੈ। ਜਦ ਕਿ ਦੋ ਜਣਿਆਂ ਦਾ ਇਲਾਜ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਦਾ ਟਾਰਗੇਟ ਸਰਪੰਚ ਗੁਰਦੇਵ ਸਿੰਘ ਸਾਭਾ ਸੀ ਪਰ ਮੇਲੇ ਦੌਰਾਨ ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰ ਸਨ ।ਜਿਸ ਕਾਰਨ ਗੋਲੀ ਵਾਲੀ ਕਾਰ ‘ਚ ਸਰਪੰਚ ਤੋਂ ਇਲਾਵਾ ਇੱਕ ਔਰਤ ਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ। ਜਦ ਕਿ ਸਰਪੰਚ ਵੱਲੋਂ ਬਚਾਅ ਲਈ ਚਲਾਈ ਗਈ ਗੋਲੀ ‘ਚ ਇੱਕ ਹਮਲਾਵਰ ਵੀ ਜ਼ਖ਼ਮੀ ਹੋਇਆ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਅੰਮ੍ਰਿਤਸਰ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਘਟਨਾ ਰਾਤ ਕਰੀਬ ਡੇਢ ਵਜੇ ਦੀ ਦੱਸੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ‘ਤੇ ਪੁੱਜ ਗਈ। ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਜ਼ਖ਼ਮੀਆਂ ਦੇ ਬਿਆਨ ਲੈਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



