Punjab

ਆਸ਼ੂ, ਕਿੱਕੀ ਢਿੱਲੋਂ ਤੇ ਪਰਗਟ ਸਿੰਘ ਦੇ ਅਸਤੀਫ਼ੇ ਮਗਰੋਂ ਕੜਵਲ ਤੇ ਕਰਨ ਵੜਿੰਗ ਨੂੰ ਵੀ ਕੱਢਿਆ ਜਾ ਸਕਦਾ ਬਾਹਰ, ਕਾਂਗਰਸ ‘ਚ ਮੁੜ ਤੋਂ ਉਭਰਨ ਲੱਗੀ ਧੜੇਬੰਦੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 28 ਜੂਨ: ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਹਾਲਾਂਕਿ ਕਾਂਗਰਸ ਦੇ ਸੀਨੀਅਰ ਨੇਤਾ ਹਮੇਸ਼ਾਂ ਪਾਰਟੀ ਵਿਚ ਧੜੇਬੰਦੀ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਰਹਿੰਦੇ ਹਨ, ਪਰ ਲੁਧਿਆਣਾ ਜ਼ਿਮਨੀ ਚੌਣ ਦੌਰਾਨ ਪਾਰਟੀ ਦੀ ਅੰਦਰੂਨੀ ਧੜੇਬੰਦੀ ਜੱਗ ਜਾਹਿਰ ਹੋ ਗਈ। ਪੰਜਾਬ ਕਾਂਗਰਸ ਕਮੇਟੀ ਨੇ ਪਾਰਟੀ ਹਾਈਕਮਾਨ ਨੂੰ ਭੇਜੀ ਰਿਪੋਰਟ ਵਿਚ ਵੀ ਸਪੱਸ਼ਟ ਕਿਹਾ ਕਿ ਪਾਰਟੀ ਦੀ ਗਰੁੱਪਬਾਜ਼ੀ ਕਰਕੇ ਜ਼ਿਮਨੀ ਚੋਣ ਵਿਚ ਕਾਂਗਰਸ ਦਾ ਨੁਕਸਾਨ ਹੋਇਆ ਹੈ। ਜੇਕਰ ਪਾਰਟੀ ਆਗੂ ਇਕਜੁੱਟਤਾ ਨਾਲ ਚੋਣ ਲੜਦੇ ਤਾਂ ਨਤੀਜ਼ਾ ਹੋਰ ਹੋ ਸਕਦਾ ਸੀ। ਜਾਣਕਾਰੀ ਅਨੁਸਾਰ ਭਾਰਤ ਭੂਸ਼ਣ ਆਸ਼ੂ ਦੇ ਕਾਰਜਕਾਰੀ ਪ੍ਰਧਾਨ, ਪ੍ਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਕੰਵਲਪ੍ਰੀਤ ਕੜਵਲ ਤੇ ਕਰਨ ਵੜਿੰਗ ਨੂੰ ਬਾਹਰ ਦਾ ਰਸਤਾ ਦਿਖਾਉਣ ’ਤੇ ਮੰਥਨ ਕਰ ਰਹੀ ਹੈ। ਇਨ੍ਹਾਂ ਦੋਵਾਂ ਆਗੂਆਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਕਾਂਗਰਸ ਵਿਚ ਸ਼ਾਮਲ ਕੀਤਾ ਸੀ। ਕੜਵਲ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਸਿਮਰਨਜੀਤ ਸਿੰਘ ਬੈਂਸ ਨੇ ਸਖ਼ਤ ਇਤਰਾਜ਼ ਵੀ ਕੀਤਾ ਸੀ। ਪਾਰਟੀ ਵਿਚ ਅਨੁਸਾਸ਼ਨ ਦਾ ਪਾਠ ਪੜਾਉਣ ਲਈ ਪਾਰਟੀ ਲੀਡਰਸ਼ਿਪ ਕੜਵਲ ਅਤੇ ਕਰਨ ਵੜਿੰਗ ਨੂੰ ਬਾਹਰ ਦਾ ਰਸਤਾ ਦਿਖਾਉਣ ਦੇ ਮੂਡ ਵਿਚ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਵਿਚਾਰ ਕਰ ਰਹੀ ਹੈ ਕਿ ਦੋਵਾਂ ਆਗੂਆਂ ਨੂੰ ਬਰਖਾਸਤ ਕੀਤਾ ਜਾਵੇ ਜਾਂ ਉਨ੍ਹਾਂ ਨੂੰ ਚੁੱਪਚਾਪ ਪਾਸੇ ਕਰ ਦਿੱਤਾ ਜਾਵੇ।

Related Articles

Leave a Reply

Your email address will not be published. Required fields are marked *

Back to top button