Punjab

ਸੂਬੇ ’ਚ 67852 ਮ੍ਰਿਤਕ ਲੈਂਦੇ ਰਹੇ ਪੈਨਸ਼ਨ, ਸਰਕਾਰ ਨੂੰ ਕਰੀਬ 252 ਕਰੋੜ ਰੁਪਏ ਦਾ ਲਾਇਆ ਚੂਨਾ; ਵਿਭਾਗ ਨੇ 166 ਕਰੋੜ ਦੀ ਕੀਤੀ ਰਿਕਵਰੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 28 ਜੂਨ ਸੂਬੇ ’ਚ 67852 ਮਰੇ ਹੋਏ ਵਿਅਕਤੀ ਵੀ ਸਰਕਾਰੀ ਖ਼ਜ਼ਾਨੇ ’ਚੋਂ ਪੈਨਸ਼ਨ ਲੈਂਦੇ ਰਹੇ ਹਨ। ਇਨ੍ਹਾਂ ਮ੍ਰਿਤ ਪੈਨਸ਼ਨਰਾਂ ਨੇ ਸਰਕਾਰ ਨੂੰ ਕਰੀਬ 252 ਕਰੋੜ ਰੁਪਏ ਦਾ ਚੂਨਾ ਲਾਇਆ। ਵਿਭਾਗ ਨੇ ਕਾਰਵਾਈ ਕਰਦੇ ਹੋਏ 166 ਕਰੋੜ ਰੁਪਏ ਦੀ ਵਸੂਲੀ ਕਰ ਲਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਵਿਆਪਕ ਸਰਵੇਖਣ ਰਾਹੀਂ, 67,852 ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੇ ਖਾਤਿਆਂ ’ਚ ਕਰੀਬ 252 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਰਕਮ ’ਚੋਂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਤੇ ਬੈਂਕਾਂ ਦੇ ਸਹਿਯੋਗ ਨਾਲ 166 ਕਰੋੜ ਰੁਪਏ ਦੀ ਵੱਡੀ ਰਕਮ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਾਕੀ 86 ਕਰੋੜ ਰੁਪਏ ਦੀ ਵਸੂਲੀ ’ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਗਏ ਹਨ। ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਹ ਪ੍ਰਾਪਤ ਫੰਡ ਹੋਰ ਯੋਗ ਲਾਭਪਾਤਰੀਆਂ ਤੱਕ ਪੈਨਸ਼ਨ ਲਾਭ ਪਹੁੰਚਾਉਣ ਲਈ ਵਰਤੇ ਜਾਣ। ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬੇ ’ਚ ਕਰੀਬ 35 ਲੱਖ ਬਜ਼ੁਰਗ, ਵਿਧਵਾਵਾਂ, ਬੇਸਹਾਰਾ ਬੱਚੇ ਤੇ ਦਿਵਿਆਂਗ ਵਿਅਕਤੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਜੋ, ਸਿੱਧੀ ਬੈਂਕ ਖ਼ਾਤਿਆਂ ’ਚ ਆਉਂਦੀ ਹੈ। ਮੌਜੂਦਾ ਵਿੱਤੀ ਸਾਲ ਦੌਰਾਨ ਮਈ 2025 ਤੱਕ 43,644 ਹੋਰ ਨਵੇਂ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਲਈ ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਯੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਪੈਨਸ਼ਨ ਬਿਨਾਂ ਦੇਰੀ ਤੋਂ ਮੁਹਈਆ ਕਰਵਾਈ ਜਾਵੇ।

Related Articles

Leave a Reply

Your email address will not be published. Required fields are marked *

Back to top button