ਡਾ. ਰਵਜੋਤ ਸਿੰਘ ਨੇ ਸੀਵਰੇਜ ਪ੍ਰੋਜੈਕਟ ਦਾ ਕੀਤਾ ਉਦਘਾਟਨ, 44 ਕਰੋੜ ਰੁਪਏ ਸੀਵਰੇਜ ਤੇ 5 ਕਰੋੜ ਸੜਕਾਂ ਦੀ ਮੁਰੰਮਤ ਲਈ ਹੋਏ ਹਨ ਮਨਜ਼ੂਰ

ਮਾਨਸਾ, 28 ਜੂਨ : ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਮਾਨਸਾ ਨੂੰ 50 ਕਰੋੜ ਰੁਪਏ ਦਾ ਤੋਹਫਾ ਦਿੱਤਾ ਗਿਆ ਹੈ। ਇਸ ਵਿੱਚ 44 ਕਰੋੜ ਰੁਪਏ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਪਾਈਪਲਾਈਨ ਲਈ ਅਤੇ ਪੰਜ ਕਰੋੜ ਰੁਪਏ ਸੜਕਾਂ ਦੀ ਮੁਰੰਮਤ ਲਈ ਦਿੱਤੇ ਗਏ ਹਨ। ਮੰਤਰੀ ਨੇ ਸੀਵਰੇਜ ਪ੍ਰੋਜੈਕਟ ਦਾ ਅੱਜ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦਾ ਕੰਮ ਇੱਕ ਸਾਲ ਵਿੱਚ ਪੂਰਾ ਹੋਵੇਗਾ ਅਤੇ ਇਸ ਲਈ ਸੀਵਰੇਜ ਪਾਈਪ ਲਾਈਨ ਵਿਛਾਈ ਜਾਵੇਗੀ। ਇਸ ਦਾ ਕੰਮ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ ਸ਼ਹਿਰ ਵਿੱਚ ਸੀਵਰੇਜ ਓਵਰਫਲੋ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਇਹ ਵਿਧਾਇਕ ਡਾਕਟਰ ਵਿਜੇ ਸਿੰਗਲਾ ਵੱਲੋਂ ਲਗਾਤਾਰ ਕੰਮ ਕਰਵਾਉਣ ਲਈ ਕੀਤੇ ਗਏ ਯਤਨਾਂ ਦਾ ਹੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਸੀਵਰੇਜ ਪਾਣੀ ਟਰੀਟ ਕਰਕੇ ਸਰਹਿੰਦ ਚੋਅ ਵਿੱਚ ਪਾਇਆ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਪਾਣੀ ਉਪਲਬਧ ਕਰਵਾਇਆ ਜਾਵੇਗਾ । ਮਾਨਸਾ ਸ਼ਹਿਰ ਸੀਵਰੇਜ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਜੂਝ ਰਿਹਾ ਹੈ । ਹਲਕਾ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੇ ਕਿਹਾ ਕਿ ਸੀਵਰੇਜ ਓਵਰਫਲੋ ਦੀ ਸਮੱਸਿਆ ਦੇ ਕਾਰਨ ਲਗਾਤਾਰ ਸ਼ਹਿਰ ਵਾਸੀ ਪਰੇਸ਼ਾਨ ਹੋ ਰਹੇ ਸਨ ਪਰ ਮੇਰੇ ਵੱਲੋਂ ਵੀ ਲਗਾਤਾਰ ਇਸ ਸਮੱਸਿਆ ਦਾ ਹੱਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਮੁੱਦੇ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਸਨ। ਹੁਣ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲੇਗੀ। ਟੁੱਟੀਆਂ ਸੜਕਾਂ ਨਾਲ ਵੀ ਲੋਕਾਂ ਨੂੰ ਸਹੂਲਤ ਹੋਵੇਗੀ। ਵਿਜੇ ਸਿੰਘਲਾ ਨੂੰ ਮਿਲੀ ਕਲੀਨ ਚਿੱਟ ਦੇ ਮਾਮਲੇ ਵਿੱਚ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ ਅਤੇ ਕਿਹਾ ਕਿ ਇਹ ਸਰਕਾਰ ਦਾ ਮਾਮਲਾ ਹੈ।



