Punjab

ਕੇਜਰੀਵਾਲ ਨੇ 10 ਪ੍ਰਮੁੱਖ ਵਿਭਾਗਾਂ ਦੀ ਵਾਗਡੋਰ ਲਈ ਆਪਣੇ ਹੱਥ ’ਚ, ਪੰਜਾਬ ਨੂੰ ਈਸਟ ਇੰਡੀਆਂ ਕੰਪਨੀ ਵਾਂਗ ਚਲਾ ਰਿਹੈ : ਸੁਖਬੀਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 25 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 10 ਪ੍ਰਮੁੱਖ ਵਿਭਾਗਾਂ ਨੂੰ ਚਲਾਉਣ ਲਈ ਪੰਜਾਬ ਵਿਕਾਸ ਕਮਿਸ਼ਨ (ਪੀਡੀਸੀ) ’ਚ 22 ਬਾਹਰਲੇ ਵਿਅਕਤੀਆਂ ਦੀ ਸਿੱਧੀ ਭਰਤੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਬਾਦਲ ਨੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ। ਬਾਦਲ ਨੇ ਕਿਹਾ ਕਿ ਨਾ ਸਿਰਫ਼ ਆਪ ਹਾਈਕਮਾਂਡ ਇਸ ਗ਼ੈਰ-ਕਾਨੂੰਨੀ ਤੇ ਗ਼ੈਰ ਸੰਵਿਧਾਨਕ ਪੰਜਾਬ ਵਿਕਾਸ ਕਮਿਸ਼ਨਰ (ਪੀਡੀਸੀ) ਦੇ ਗਠਨ ਰਾਹੀਂ ਸਾਰੀ ਵਾਗਡੋਰ ਆਪਣੇ ਹੱਥ ’ਚ ਲੈਣ ਲਈ ਯਤਨਸ਼ੀਲ ਹੈ ਬਲਕਿ ਇਹ 3.30 ਲੱਖ ਰੁਪਏ ਪ੍ਰਤੀ ਮਹੀਨਾ ਸਲਾਹਕਾਰਾਂ ਤੇ 2.65 ਲੱਖ ਰੁਪਏ ਪ੍ਰਤੀ ਮਹੀਨਾ ਡਿਜੀਟਲ ਤੇ ਕਮਿਊਨਿਕੇਸ਼ਨ ਅਫਸਰਾਂ ਨੂੰ ਤਨਖਾਹਾਂ ਦੇ ਕੇ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿਭਾਗਾਂ ਵਿਚ ਖੇਤੀਬਾੜੀ, ਨੌਕਰੀਆਂ ਤੇ ਅਰਥਚਾਰਾ, ਸਿੱਖਿਆ ਤੇ ਮੁਹਾਰਤ, ਸਿਹਤ ਤੇ ਸਮਾਜ ਭਲਾਈ, ਬਿਜਲੀ, ਬੁਨਿਆਦੀ ਢਾਂਚਾ, ਸਭਿਆਚਾਰ ਤੇ ਸੈਰ ਸਪਾਟਾ, ਸੂਬੇ ਦਾ ਵਿੱਤੀ ਪ੍ਰਬੰਧੀ, ਪ੍ਰਸ਼ਾਸਨ ਅਤੇ ਨਿਗਰਾਨੀ ਤੇ ਸਿਖਲਾਈ ਸ਼ਾਮਲ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਰਤੀ ਦੇ ਇਸ ਨੋਟੀਫਿਕੇਸ਼ਨ ’ਚ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜਾਂ ਪੰਜਾਬੀਆਂ ਨੂੰ ਤਰਜੀਹ ਵਰਗੀ ਮੱਦ ਸ਼ਾਮਲ ਨਹੀਂ ਹੈ, ਜਿਸ ਤੋਂ ਆਪ ਹਾਈਕਮਾਂਡ ਦੇ ਨਜ਼ਦੀਕੀਆਂ ਦੀ ਭਰਤੀ ਦਾ ਰਾਹ ਪੱਧਰਾ ਹੋ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਦਿੱਲੀ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰਾਂ ਅਤੇ ਵੱਖ-ਵੱਖ ਬੋਰਡਾਂ ਤੇ ਨਿਗਮਾਂ ਦੇ ਚੇਅਰਪਰਸਨ ਦੀ ਨਿਯੁਕਤੀ ਵੀ ਇਹੀ ਕ੍ਰਮ ਅਪਣਾਉਂਦਿਆਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਚਹੇਤੇ ਮਨੀਸ਼ ਸਿਸੋਦੀਆ ਦੇ ਨਜ਼ਦੀਕੀਆਂ ਨੂੰ ਨਿਯੁਕਤ ਕੀਤਾ ਗਿਆ ਸੀ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ ਹੀ ਉਸ ਦੀ ਅਥਾਰਟੀ ਖੋਹ ਲਈ ਗਈ ਹੈ ਤੇ ਮੁੱਖ ਸਕੱਤਰ ਨੂੰ ਚੇਅਰਮੈਨ ਦੇ ਅਧਿਕਾਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਜਦੋਂ ਭਗਵੰਤ ਮਾਨ ਅਸਤੀਫਾ ਦੇਣ ਜਾਂ ਫਿਰ ਸਖ਼ਤ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਕਿਉਂਕਿ ‘ਰੰਗਲਾ ਪੰਜਾਬ’ ਦੇ ਨਾਂ ’ਤੇ ਉਹ ਸੂਬੇ ਨੂੰ ਕੰਗਲਾ ਪੰਜਾਬ ਬਣਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button