
ਬਰਨਾਲਾ, 24 ਜੂਨ : ਪਿੰਡ ਵਜੀਦਕੇ ਦੇ ਨੇੜੇ ਮੁੱਖ ਸੜਕ ’ਤੇ ਦੋ ਗੱਡੀਆਂ ਦੀ ਸਿੱਧੀ ਟੱਕਰ ਹੋਣ ਜਾਣ ਕਾਰਨ ਦੋਵਾਂ ਗੱਡੀਆਂ ’ਤੇ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਡਿਜਾਇਰ ਕਾਰ ਲੁਧਿਆਣਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਜੋ ਬਰਨਾਲਾ ਵਾਲੇ ਪਾਸੇ ਤੋਂ ਆ ਰਹੀ ਇੰਡੈਵਰ ਗੱਡੀ ਨਾਲ ਸਿੱਧੀ ਟਕਰਾ ਗਈ। ਦੋਵੇਂ ਗੱਡੀਆਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ’ਚ ਮ੍ਰਿਤਕ ਕੁੜੀ ਦੀ ਡਿਜਾਇਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਲੁਧਿਆਣੇ ਤੋਂ ਆ ਰਹੀ ਕਾਰ ਨੂੰ ਇਕ ਕੁੜੀ ਚਲਾ ਰਹੀ ਸੀ, ਜਿਸਦੀ ਹਾਲਤ ਦੂਜੇ ਜ਼ਖ਼ਮੀਆਂ ਨਾਲੋਂ ਜ਼ਿਆਦਾ ਗੰਭੀਰ ਸੀ, ਜਿਸ ਨੂੰ ਐੱਸਐੱਸਐੱਫ ਦੇ ਇੰਚਾਰਜ ਏਐੱਸਆਈ ਕਰਮ ਸਿੰਘ ਅਤੇ ਟੀਮ ਵੱਲੋਂ ਬਰਨਾਲਾ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਮ੍ਰਿਤਕ ਲੜਕੀ ਗੁਰਲੀਨ ਕੌਰ ਲੁਧਿਆਣੇ ਦੇ ਦੁੱਗਰੀ ਖੇਤਰ ਦੀ ਦੱਸੀ ਜਾ ਰਹੀ ਹੈ। ਬਰਨਾਲਾ ਤੋਂ ਆ ਰਹੀ ਇੰਡੈਵਰ ਕਾਰ ’ਚ ਚਾਰ ਜਣੇ ਸਵਾਰ ਸਨ, ਜੋ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹਨ।



