
ਬਨੂੜ, 24 ਜੂਨ : ਕਾਰ ’ਚ ਪਤਨੀ, ਬੇਟੇ ਨੂੰ ਮਾਰਨ ਤੋਂ ਖੁਦ ਨੂੰ ਗੋਲ਼ੀ ਮਾਰਨ ਦੇ ਮਾਮਲੇ ’ਚ ਪੁਲਿਸ ਨੇ ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਦੇ ਬਿਆਨਾਂ ’ਤੇ ਸੰਦੀਪ ਸਿੰਘ ਰਾਜਪਾਲ ਦੇ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਤੇ ਸੰਦੀਪ ਸਿੰਘ ਰਾਜਪਾਲ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ 174 ਅਧੀਨ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਸੰਦੀਪ ਸਿੰਘ ਰਾਜਪਾਲ, ਉਸ ਦੀ ਪਤਨੀ ਮਨਦੀਪ ਕੌਰ ਤੇ ਪੁੱਤਰ ਅਭੈ ਦਾ ਪੋਸਟਮਾਰਟਮ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਡਾਕਟਰਾਂ ਦੇ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ। ਡਾਕਟਰਾ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਮ੍ਰਿਤਕਾਂ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਿੱਖਾਂਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਵੇਗਾ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਰਾਜਪਾਲ ਦੇ ਪਿਤਾ ਮਨੋਹਰ ਸਿੰਘ ਰਾਜਪਾਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪੁੱਤਰ ਸੰਦੀਪ ਸਿੰਘ ਰਾਜਪਾਲ ਮੋਹਾਲੀ ਵਿਖੇ ਪ੍ਰੋਪਰਟੀ ਦਾ ਕਾਰੋਬਾਰ ਕਰਦਾ ਸੀ ਤੇ ਉਹ ਆਪਣੀ ਪਤਨੀ ਮਨਦੀਪ ਕੌਰ ਤੇ ਪੁੱਤਰ ਅਭੈ ਨਾਲ ਇਥੇ ਹੀ ਰਹਿੰਦਾ ਸੀ। ਇਸ ਸ਼ਿਕਾਇਤ ’ਚ ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਸੰਦੀਪ ਸਿੰਘ ਆਪਣੇ ਮਾਨਸਿਕ ਤੌਰ ’ਤੇ ਅਪਾਹਜ ਪੁੱਤਰ ਅਭੈ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ, ਉਸ ਨੇ ਇਸ ਕਾਰਨ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਨਾਲ ਜਦੋਂ ਵੀ ਗੱਲਬਾਤ ਹੁੰਦੀ ਸੀ ਤਾਂ ਉਹ ਸਭ ਠੀਕ ਦੱਸਦਾ ਸੀ ਪਰ ਅਕਸਰ ਉਹ ਆਪਣੇ ਪੁੱਤਰ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸ ਨੇ ਆਪਣੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੈ ਨੂੰ ਗੋਲੀ ਮਾਰੀ ਤੇ ਬਾਅਦ ’ਚ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਐਤਵਾਰ ਸ਼ਾਮ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਚੰਗੇਰਾ ਨੂੰ ਜਾਂਦੀ ਲਿੰਕ ਸੜਕ ਦੇ ਨੇੜੇ ਖੇਤਾਂ ’ਚ ਮੋਹਾਲੀ ਦੇ ਕਾਰੋਬਾਰੀ ਸੰਦੀਪ ਸਿੰਘ ਰਾਜਪਾਲ ਨੇ ਆਪਣੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੈ ਨੂੰ ਗੋਲ਼ੀ ਮਾਰਨ ਤੋਂ ਬਾਅਦ ਖੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ’ਚ ਥਾਣਾ ਬਨੂੜ ਦੀ ਪੁਲਿਸ ਨੇ ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।



