ਨਸ਼ੇ ਦੀ ਤੋੜ ਨਾ ਸਹਾਰ ਸਕਿਆ ਨੌਜਵਾਨ ! ਹੁਸ਼ਿਆਰਪੁਰ ‘ਚ 2 ਬੱਚਿਆਂ ਦੇ ਪਿਉ ਨੇ ਸਿਰ ‘ਚ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਟਾਂਡਾ, 24 ਜੂਨ : ਮੰਗਲਵਾਰ ਦੁਪਹਿਰ ਬਲਾਕ ਟਾਂਡਾ ਦੇ ਪਿੰਡ ਕਮਾਲਪੁਰ ਵਿਖੇ ਇਕ ਨੌਜਵਾਨ ਨਸ਼ੇ ਦੀ ਤੋੜ ਨਾ ਸਹਾਰ ਸਕਿਆ ਤੇ ਉਸ ਨੇ ਸਿਰ ‘ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਲਾਭ ਸਿੰਘ ਵਿਆਹਿਆ ਹੋਇਆ ਸੀ ਤੇ ਦੋ ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਦੀ ਪਛਾਣ ਲਾਭ ਸਿੰਘ ਉਰਫ ਹੀਰਾ ਉਮਰ ਕਰੀਬ 37 ਸਾਲ ਪੁੱਤਰ ਸਰਬਜੀਤ ਸਿੰਘ ਵਜੋਂ ਹੋਈ ਹੈ । ਇਸ ਸਬੰਧੀ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਲਾਭ ਸਿੰਘ ਉਰਫ ਹੀਰਾ ਤੇ ਆਪਣੇ ਬੱਚਿਆਂ ਸਮੇਤ ਸਹੁਰਾ ਪਰਿਵਾਰ ਤੋਂ ਵੱਖ ਰਹਿੰਦੀ ਸੀ। ਲਾਭ ਸਿੰਘ ਹੀਰਾ ਕਸਬਾ ਮਿਆਣੀ ਵਿਖੇ ਕਿਰਾਏ ‘ਤੇ ਜਿੰਮ ਚਲਾਉਂਦਾ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਵਿਖੇ ਦਾਖਲ ਕਰਵਾਇਆ ਪਰ ਉਹ ਨਸ਼ਾ ਕਰਨ ਦੀ ਆਦਤ ਛੱਡ ਨਹੀਂ ਸਕਿਆ। ਮੰਗਲਵਾਰ ਦੁਪਹਿਰੇ ਕਰੀਬ ਢਾਈ ਵਜੇ ਲਾਭ ਸਿੰਘ ਨੇ ਨਸ਼ੇ ਦੀ ਪੂਰਤੀ ਲਈ ਪਤਨੀ ਕੋਲੋਂ ਪੈਸੇ ਮੰਗੇ ਤੇ ਨਾ ਮਿਲਣ ਉਪਰੰਤ ਪਤਨੀ ਦੀ ਕੁੱਟਮਾਰ ਕਰਨ ਲੱਗ ਪਿਆ। ਕੁਲਵਿੰਦਰ ਕੌਰ ਮੌਕੇ ‘ਤੇ ਦੌੜ ਕੇ ਆਪਣੇ ਨੇੜੇ ਰਹਿੰਦੇ ਸੱਸ-ਸਹੁਰੇ ਘਰ ਚਲੀ ਗਈ । ਇਸ ਦੌਰਾਨ ਲਾਭ ਸਿੰਘ ਦੇ ਪਿਤਾ ਸਰਬਜੀਤ ਸਿੰਘ ਤੇ ਮਾਤਾ ਸੁਰਜੀਤ ਕੌਰ ਨੇ ਨੂੰਹ ਕੁਲਵਿੰਦਰ ਕੌਰ ਨਾਲ ਉਸ ਦੇ ਘਰ ਆ ਕੇ ਲਾਭ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਤੈਸ਼ ‘ਚ ਆ ਕੇ ਘਰ ਦੇ ਵਿਹੜੇ ‘ਚ ਪਿਸਤੌਲ ਨਾਲ ਆਪਣੇ ਸਿਰ ‘ਚ ਗੋਲੀ ਮਾਰੀ ਲਈ। ਸਰਬਜੀਤ ਸਿੰਘ ਨੇ ਆਂਢ-ਗੁਆਂਢ ਦੀ ਮਦਦ ਨਾਲ ਮੌਕੇ ‘ਤੇ ਆਪਣੇ ਪੁੱਤਰ ਲਾਭ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।



