84 ਸਾਲਾ ਜੁੜਵਾ ਭੈਣ-ਭਰਾ ‘ਗੁੱਡਾ-ਗੁੱਡੀ’ ਦੀ ਲਾਹੌਰ ’ਚ ਨਾਨਕੇ ਦੇਖਣ ਦੀ ਹਸਰਤ
ਵੰਡ ਮਗਰੋਂ ਕਈ ਰਿਸ਼ਤੇਦਾਰ ਆਏ ਸਨ ਭਾਰਤ

ਅੰਮ੍ਰਿਤਸਰ, 24 ਜੂਨ : ਜੁੜਵਾ ਬੱਚਿਆਂ ਦੀਆਂ ਕਾਲਪਨਿਕ ਕਹਾਣੀਆਂ ’ਤੇ ਕਈ ਫਿਲਮਾਂ ਬਣੀਆਂ ਹਨ ਪਰ ਇਹ ਕਹਾਣੀ ਅਸਲ ਵਿਚ ਜੁੜਵਾ ਭੈਣ-ਭਰਾ 84 ਸਾਲ ਦੇ ‘ਗੁੱਡਾ-ਗੁੱਡੀ’ ਦੀ ਹੈ। ਸਤੀਸ਼ ਕਪੂਰ ਅਤੇ ਰਮਾ ਮਹਿਰਾ ਦੋਵੇਂ ਭੈਣ-ਭਰਾ ਹਨ। ਦੋਵਾਂ ਦੀ ਉਮਰ 24 ਜੂਨ 2025 ਨੂੰ 84 ਸਾਲ ਪੂਰੇ ਕਰ ਲਵੇਗੀ। ਦੋਵਾਂ ਨੂੰ ਪਰਿਵਾਰਕ ਮੈਂਬਰ ਬਚਪਨ ਤੋਂ ਗੁੱਡਾ ਤੇ ਗੁੱਡੀ ਦੇ (ਨਿੱਕ ਨੇਮ) ਨਾਂ ਨਾਲ ਬੁਲਾਉਂਦੇ ਆ ਰਹੇ ਹਨ। ਦੋਵਾਂ ਦੇ ਨਾਨਕੇ ਪਰਿਵਾਰ ਲਾਹੌਰ ਵਿਖੇ ਸਥਿਤ ਹਨ, ਉਨ੍ਹਾਂ ਦੀ ਦਿਲੀ ਹਸਰਤ ਹੈ ਕਿ ਉਹ ਇਕ ਵਾਰ ਆਪਣੀ ਮਾਂ ਦੇ ਜਨਮ ਵਾਲਾ ਸਥਾਨ ਯਾਨੀ ਕਿ ਆਪਣੇ ਨਾਨਕੇ ਦੇਖਣ। ਰਮਾ ਮਹਿਰਾ ਬੇਸ਼ੱਕ ਵਿਆਹ ਤੋਂ ਬਾਅਦ ਹੁਣ ਨੋਇਡਾ ਵਿਚ ਆਪਣੇ ਖੁਸ਼ਹਾਲ ਪਰਿਵਾਰ ਨਾਲ ਰਹਿ ਰਹੇ ਹਨ, ਉਥੇ ਹੀ ਉਨ੍ਹਾਂ ਦੇ ਭਰਾ ਸਤੀਸ਼ ਕਪੂਰ ਬਜ਼ੁਰਗ ਹੋਣ ਦੇ ਬਾਵਜੂਦ ਅੱਜ ਵੀ ਨੌਜਵਾਨਾਂ ਨੂੰ ਪਿੱਛੇ ਛੱਡਦਿਆਂ ਪੂਰੇ ਉਤਸ਼ਾਹ ਨਾਲ ਕਾਰੋਬਾਰ ਚਲਾ ਰਹੇ ਹਨ। ਸਤੀਸ਼ ਕਪੂਰ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਜੁੜਵਾ ਭੈਣ ਭਰਾਵਾਂ ਦਾ ਜਨਮ 24-6-1943 ਨੂੰ ਪਿਤਾ ਸੋਮਰਾਜ ਕਪੂਰ ਅਤੇ ਮਾਤਾ ਸ਼ੀਲਾ ਕਪੂਰ ਦੇ ਗ੍ਰਹਿ ਵਿਖੇ ਹੋਇਆ ਸੀ। ਛੋਟੀ ਉਮਰ ਵਿਚ ਹੀ ਉਨ੍ਹਾਂ 1947 ਦੀ ਵੰਡ ਵੀ ਦੇਖੀ, 1965, 1971 ਦੀਆਂ ਜੰਗਾਂ ਵੀ ਦੇਖੀਆਂ। 1984 ਵਿਚ ਵੀ ਹੋਏ ਕਤਲੇਆਮ ਦਾ ਦਰਦ ਵੀ ਅੱਖੀਂ ਦੇਖਿਆ। ਆਪਣੀਆਂ ਯਾਦਾਂ ਦੇ ਝਰੋਖਿਆਂ ਨੂੰ ਫਰੋਲਦਿਆਂ ਸਤੀਸ਼ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਸ਼ੀਲਾ ਕਪੂਰ (ਵੰਡ ਤੋਂ ਪਹਿਲਾਂ) ਲਾਹੌਰ ਨਾਲ ਸਬੰਧਤ ਸਨ। ਇਸ ਲਈ ਜਦੋਂ 1947 ਦੀ ਵੰਡ ਹੋਈ ਤਾਂ ਉਨ੍ਹਾਂ ਦੀ ਮਾਸੀ, ਮਾਸੜ ਅਤੇ ਹੋਰ ਰਿਸ਼ਤੇਦਾਰ ਲਾਹੌਰ ਤੋਂ ਉਨ੍ਹਾਂ ਕੋਲ ਅੰਮ੍ਰਿਤਸਰ ਖਾਲਸਾ ਕਾਲਜ ਨੇੜੇ ਮੋਹਨੀ ਪਾਰਕ ਵਿਖੇ ਆ ਕੇ ਰਹੇ। ਸਤੀਸ਼ ਕਪੂਰ ਨੇ ਕਿਹਾ ਕਿ ਉਨ੍ਹਾਂ ਦੀ ਆਪਣੇ ਨਾਨਕੇ ਪਰਿਵਾਰ ਵਾਲੀ ਥਾਂ ਦੇਖਣ ਦੀ ਹਸਰਤ ਹਾਲੇ ਤੱਕ ਅਧੂਰੀ ਹੈ। 2025 ਵਿਚ ਭਾਰਤ-ਪਾਕਿ ਹੋਈ ਜੰਗ ਦਰਮਿਆਨ ਰਿਸ਼ਤਿਆਂ ਵਿਚ ਹਾਲੇ ਤੱਕ ਵਧੇ ਤਣਾਅ ਕਾਰਨ ਇਕ-ਦੂਜੇ ਦੇ ਦੇਸ਼ ਆਉਣਾ-ਜਾਣਾ ਵੀ ਬੰਦ ਹੈ। ਵੰਡ ਤੋਂ ਪਹਿਲਾਂ ਉਨ੍ਹਾਂ ਦੀ ਖਾਲਸਾ ਕਾਲਜ ਦੇ ਨਜ਼ਦੀਕ ਸ਼ੰਭੂ ਨਾਥ ਐਂਡ ਸੰਨਜ਼ ਲਿਮਟਡ ਐਸਿਡ ਐਂਡ ਕੈਮੀਕਲ ਫੈਕਟਰੀ ਹੁੰਦੀ ਸੀ। ਇਸ ਫੈਕਟਰੀ ਤੋਂ ਤਿਆਰ ਹੁੰਦਾ ਕੈਮੀਕਲ ਤੇ ਐਸਿਡ ਪੰਜਾਬ ਤੋਂ ਬਾਹਰ ਅਤੇ ਲਾਹੌਰ ਵੀ ਸਪਲਾਈ ਹੁੰਦਾ ਸੀ। ਵੰਡ ਤੋਂ ਬਾਅਦ 1974 ਵਿਚ ਫੈਕਟਰੀ ਬੰਦ ਹੋ ਗਈ। 1978 ਵਿਚ ਉਨ੍ਹਾਂ ਦੇ ਪਿਤਾ ਸੋਮਰਾਜ ਕਪੂਰ ਨੇ ‘ਗਣਪਤੀ ਟਰੇਡਰਜ਼ ਵਾਟਰ’ ਨਾਂ ’ਤੇ ਪਾਣੀ ਦੀਆਂ ਬੋਤਲਾਂ ਦਾ ਕਾਰੋਬਾਰ ਸ਼ੁਰੂ ਕੀਤਾ। ਜਦ ਸੰਨ 2000 ਵਿਚ ਪਿਤਾ ਦੀ ਮੌਤ ਹੋ ਗਈ ਤਾਂ ਇਸ ਕਾਰੋਬਾਰ ਦੀ ਜ਼ਿੰਮੇਵਾਰੀ ਸਤੀਸ਼ ਕਪੂਰ ਦੇ ਮੋਢਿਆਂ ’ਤੇ ਆ ਗਈ। ਉਹ ਅੱਜ 84 ਸਾਲ ਉਮਰ ਹੋਣ ਦੇ ਬਾਵਜੂਦ ਪੂਰੇ ਜੋਸ਼ ਨਾਲ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਨ। ਤੇਜ਼ ਗਰਮੀ ਦੇ ਬਾਵਜੂਦ ਸਤੀਸ਼ ਕਪੂਰ ਦਫਤਰਾਂ ਵਿਚ ਆਪਣੇ ਗਾਹਕਾਂ ਨੂੰ ਪਾਣੀ ਦੀਆਂ ਬੋਤਲਾਂ ਪਹੁੰਚਾਉਣ ਲਈ ਭੱਜ-ਦੌੜ ਕਰਦੇ ਹਨ, ਜੋ ਕਿ ਅੱਜ-ਕੱਲ੍ਹ ਦੀ ਪੀੜ੍ਹੀ ਲਈ ਮਿਸਾਲ ਹੈ। ਜ਼ਿਕਰਯੋਗ ਹੈ ਕਿ ਸਤੀਸ਼ ਕਪੂਰ ਬੀਐੱਸਸੀ ਨਾਨ-ਮੈਡੀਕਲ ਅਤੇ ਉਨ੍ਹਾਂ ਦੀ ਭੈਣ ਰਮਾ ਮਹਿਰਾ ਬੀਏ ਤੱਕ ਸਿੱਖਿਆ ਹਾਸਲ ਕੀਤੀ ਹੈ।



