ਸ਼ੰਕਰਾਨੰਦ ਖ਼ਿਲਾਫ਼ ਕੈਨੇਡਾ ਦੀ ਸੰਗਤ ਨੇ ਪਾਇਆ ਮਤਾ
ਧਰਮ ਦਾ ਆਸਰਾ ਲੈ ਕੇ ਕੀਤੇ ਜਾ ਰਹੇ ਗੋਰਖਧੰਦਿਆਂ ਦੀ ਕਰਵਾਈ ਜਾਵੇ ਜਾਂਚ

ਜਗਰਾਓਂ, 24 ਜੂਨ : ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਵਿਵਾਦ ਵਿਚ ਇਲਾਕੇ ਹੀ ਨਹੀਂ, ਸੱਤ ਸਮੁੰਦਰ ਪਾਰ ਵੀ ਸੰਗਤ ਨੇ ਤਿੱਖੇ ਵਿਰੋਧ ਦਾ ਆਗਾਜ਼ ਕਰ ਦਿੱਤਾ ਹੈ। ਕੈਨੇਡਾ ਦੇ ਟੋਰਾਂਟੋ ’ਚ ਤਲਵੰਡੀ ਖੁਰਦ ਦੇ ਸ਼ਰਧਾਲੂਆਂ ਦੇ ਹੋਏ ਵੱਡੇ ਇਕੱਠ ਨੇ ਸ਼ੰਕਰਾਨੰਦ ਖ਼ਿਲਾਫ਼ ਮਤਾ ਪਾਉਂਦਿਆਂ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਤਲਵੰਡੀ ਖੁਰਦ ਦੇ ਕੈਨੇਡਾ ਦੇ ਟੋਰਾਂਟੋ ’ਚ ਵੱਸਦੇ ਲੋਕਾਂ ਦਾ ਉਥੋਂ ਦੇ ਇੱਕ ਬੈਂਕੰਟ ਹਾਲ ਵਿਚ ਇਕੱਠ ਹੋਇਆ ਜਿਸ ਵਿਚ ਅਸ਼ਲੀਲ ਵੀਡੀਓ ’ਤੇ ਚਰਚਾ ਕਰਦਿਆਂ ਇਸ ਘਟਨਾ ਦੀ ਤਿੱਖੀ ਨਿੰਦਾ ਕੀਤੀ ਗਈ। ਇਸ ਦੇ ਨਾਲ ਹੀ ਸ਼ੰਕਰਾ ਨੰਦ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਧਰਮ ਦਾ ਆਸਰਾ ਲੈ ਕੇ ਕੀਤੇ ਜਾ ਰਹੇ ਗੋਰਖਧੰਦਿਆਂ ਦੀ ਜਾਂਚ ਦੀ ਮੰਗ ਕੀਤੀ ਗਈ। ਉਥੋਂ ਦੀ ਸੰਗਤ ਵੱਲੋਂ ਇਸ ਇਕੱਠ ਵਿਚ ਪਾਏ ਗਏ ਮਤੇ ਵਿਚ ਸ਼ੰਕਰਾ ਨੰਦ, ਉਸ ਦੇ ਸਾਥੀ ਸਵਾਮੀ ਓਮਾ ਨੰਦ ਉਰਫ ਅਵਤਾਰ ਸਿੰਘ, ਕੁਲਦੀਪ ਸਿੰਘ ਮਾਨ, ਜਸਵੀਰ ਕੌਰ ਜੱਸ, ਸਰੇਸ਼ਾ ਨੰਦ ਨੂੰ ਡੇਰਾ ਛੱਡਣ ਲਈ ਕਿਹਾ ਅਤੇ ਮੰਗ ਕੀਤੀ ਕਿ ਇਨ੍ਹਾਂ ਵੱਲੋਂ ਦਾਨ ਦੇ ਪੈਸਿਆਂ ਨਾਲ ਬਣਾਈਆਂ ਜਾਇਦਾਦਾਂ ਧਾਮ ਦੇ ਨਾਂ ਕੀਤੀਆਂ ਜਾਣ ਅਤੇ ਉਨ੍ਹਾਂ ਦਾ ਵੇਰਵਾ ਜਨਤਕ ਕੀਤਾ ਜਾਵੇ। ਇਸ ਦੇ ਨਾਲ ਹੀ ਸ਼ੰਕਰਾ ਨੰਦ ਵੱਲੋਂ ਆਪਣੀਆਂ ਧਰਮ ਵਿਰੋਧੀ ਗਤੀਵਿਧੀਆਂ ਨੂੰ ਲਕਾਉਣ ਲਈ ਬਾਹਰਲੇ ਲੋਕਾਂ ਦੀਆਂ ਪਿੰਡ ਵਿਚ ਵੋਟਾਂ ਬਣਾ ਕੇ ਸੌੜੀ ਰਾਜਨੀਤੀ ਸੋਚ ਦੀ ਵੀ ਨਿੰਦਾ ਕਰਦਿਆਂ ਇਸ ਮਾਮਲੇ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਬਾਲ ਘਰ ਦੀ ਪਿਛਲੇ ਸਮੇਂ ਵਾਇਰਲ ਹੋਈ ਵੀਡੀਓ ’ਤੇ ਵੀ ਤਿੱਖਾ ਨੋਟਿਸ ਲੈਂਦਿਆਂ ਇਸ ਬਾਲ ਘਰ ਵਿਚ ਬੱਚਿਆਂ ਦੇ ਸ਼ੋਸ਼ਣ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਪਿੰਡ ਤਲਵੰਡੀ ਖੁਰਦ ਦੇ ਜਸਮਿੰਦਰ ਸਿੰਘ ਖਾਲਸਾ ਵੱਲੋਂ ਸ਼ੰਕਰਾ ਨੰਦ ਵਿਵਾਦ ਵਿਚ ਛੇੜੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਸਮੱਰਥਨ ਕੀਤਾ ਅਤੇ ਕਾਨੂੰਨੀ ਪ੍ਰਕਿਰਿਆ ਲਈ ਸਾਥ ਦੇਣ ਦਾ ਫੈਸਲਾ ਕੀਤਾ। ਛੁਡਾਨੀ ਧਾਮ ਦੇ ਸ੍ਰੀਮਹੰਤ ਦਯਾਸਾਗਰ ਵੱਲੋਂ ਅੱਜ ਛੁਡਾਨੀ ਧਾਮ ਪੀਠ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਅਨੁਸਾਰ ਧਾਮ ਨਾਲ ਜੁੜੇ ਕੋਈ ਵੀ ਸੰਤ, ਮਹਾਪੁਰਸ਼, ਸ਼ਰਧਾਲੂ ਆਪਣੇ ਨਾਂ ਨਾਲ ਭੂਰੀ ਵਾਲਾ ਨਹੀਂ ਲਿਖੇਗਾ। ਇਹ ਫੈਸਲਾ ਉਨ੍ਹਾਂ ਨੇ ਤਲਵੰਡੀ ਧਾਮ ਦੇ ਸ਼ੰਕਰਾ ਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵਿਵਾਦ ’ਚ ਭੂਰੀ ਵਾਲਾ ਲਿਖਿਆ ਜਾਣ ’ਤੇ ਲਿਆ ਗਿਆ। ਗਰੀਬ ਦਾਸ ਪੀਠ ਤੋਂ ਉਨ੍ਹਾਂ ਨੇ ਇਹ ਹੁਕਮਨਾਮਾ ਜਾਰੀ ਕਰਦਿਆਂ ਕਿਹਾ ਕਿ ਸਤਿਗੁਰੂ ਭੂਰੀ ਵਾਲੇ ਇੱਕ ਹੀ ਸਨ ਅਤੇ ਇੱਕ ਹੀ ਹਨ। ਇਸ ਲਈ ਸੰਪਰਦਾਇ ਦਾ ਕੋਈ ਵੀ ਸੰਤ ਆਪਣੇ ਨਾਂ ਦੇ ਅੱਗੇ ਜਾਂ ਪਿੱਛੇ ਭੂਰੀ ਵਾਲੇ ਨਹੀਂ ਲਿਖੇਗਾ।



