ਮੁੱਖ ਮੰਤਰੀ ਭਗਵੰਤ ਮਾਨ ਨੇ 281 ਨਵ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਨੌਜਵਾਨਾਂ ਨੂੰ ਦਿੱਤਾ ਇਹ ਸੰਦੇਸ਼

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 21 ਜੂਨ : ਮੁੱਖ ਮੰਤਰੀ ਭਗਵੰਤ ਮਾਨ ਨੇ ਸਨਿੱਚਰਵਾਰ ਨੂੰ ਇੱਥੇ ਮਿਊਂਸਪਲ ਭਵਨ ਵਿਖੇ ਵੱਖ- ਵੱਖ ਵਿਭਾਗਾਂ ਵਿਚ ਭਰਤੀ ਹੋਏ 281 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵ ਭਰਤੀ ਹੋਏ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਨੇ ਹੁਣ ਤੱਕ 54422 ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਸਰਕਾਰ ਨੇ ਭਰਤੀ ਪ੍ਰੀਕਿਰਿਆ ਨੂੰ ਪਾਰਦਰਸ਼ੀ ਰੱਖਿਆ ਹੋਇਆ ਹੈ, ਜਿਸਦੇ ਸਿੱਟੇ ਵਜੋਂ ਕਈ ਉਮੀਦਵਾਰਾਂ ਨੂੰ ਦੋ ਜਾਂ ਤਿੰਨ ਵਿਭਾਗਾਂ ਵਿਚ ਭਰਤੀ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨਵ ਨਿਯੁਕਤ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਮੁਕਾਮ ਹਾਸਲ ਕੀਤਾ ਹੈ ਪਰ ਇਹ ਆਖਰੀ ਮੌਕਾ ਨਹੀਂ ਹੈ, ਸਰਕਾਰ ਅਜਿਹੇ ਹੋਰ ਮੌਕੇ ਮੁਹੱਈਆ ਕਰਵਾਏਗੀ। ਜ਼ਿੰਦਗੀ ਵਿਚ ਕੁੱਝ ਵੀ ਬਣ ਜਾਵੋ ਪਰ ਆਪਣੇ ਪਿੰਡ, ਸੱਭਿਆਚਾਰ, ਬੋਲੀ ਨੂੰ ਭੁੱਲਣਾ ਨਹੀਂ ਚਾਹੀਦਾ। ਗੁਰੂ ਨਾਨਕ ਦੇਵ ਜੀ ਨੇ ਹਜ਼ਾਰਾਂ ਸਾਲ ਪਹਿਲਾਂ ਪਾਣੀ, ਧਰਤੀ ਤੇ ਹਵਾ ਨੂੰ ਬਚਾਉਣ ਦਾ ਸੰਦੇਸ਼ ਦੇ ਦਿੱਤਾ ਸੀ। ਸਰਕਾਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤੀਆਂ ਨੇ ਅੰਗਰੇਜ਼ਾਂ ਨੂੰ ਕੱਢਣ ਲਈ ਲੜ੍ਹਾਈ ਲੜ੍ਹੀ ਪਰ ਹੁਣ ਨੌਜਵਾਨ ਵਿਦੇਸ਼ ਜਾਣ ਨੂੰ ਤਰਸ ਰਹੇ ਹਨ। ਜੇਕਰ ਅਜਿਹਾ ਕਰਨਾ ਸੀ ਤਾਂ ਅੰਗੇਰਜ਼ਾਂ ਨੂੰ ਬਾਹਰ ਕੱਢਣ ਦੀ ਕੀ ਝ਼ਰੂਰਤ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸਦਾ ਮੁੱਖ ਕਾਰਨ ਇੱਥੇ ਦਾ ਸਿਸਟਮ ਠੀਕ ਨਹੀਂ ਹੈ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਨੌਜਵਾਨ ਇੱਥੇ ਕੰਮ ਕਰਨ ਦੀ ਬਜਾਏ ਵਿਦੇਸ਼ਾਂ ਵਿਚ ਹਰ ਕੰਮ ਕਰਨ ਨੂੰ ਤਰਜ਼ੀਹ ਦਿੰਦੇ ਹਨ। ਪਿਛਲੀਆਂ ਸਰਕਾਰਾਂ ਨੇ ਸੂਬੇ ਅਤੇ ਲੋਕਾਂ ਦੀ ਭਲਾਈ ਲਈ ਕੁੱਝ ਨਹੀਂ ਕੀਤਾ। ਬਲਕਿ ਆਪਣੇ ਰਾਜਨੀਤਿਕ ਫਾਇਦੇ ਲਈ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਕਈ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕੁੱਝ ਅਧਿਆਪਕਾਂ ਨੂੰ ਛੇ-ਛੇ ਹਜ਼ਾਰ ਰੁਪਏ ਤਨਖਾਹ ਮਿਲਦੀ ਹੈ, ਜੋ ਮਨਰੇਗਾ ਮਜ਼ਦੂਰ ਤੋਂ ਵੀ ਘੱਟ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਹਨਾਂ ਅਧਿਆਪਕਾਂ ਦੀ ਤਨਖਾਹ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਨੇ ਸਿਆਸੀ ਵਿਰੋਧੀਆਂ ’ਤੇ ਤੰਜ਼ ਕਸਦਿਆਂ ਕਿਹਾ ਕਿ ਜੇਕਰ ਸਿਆਸੀ ਵਿਰੋਧੀ ਚੱਜ ਦੇ ਹੁੰਦੇ ਤਾਂ ਉਨ੍ਹਾਂ ਨੂੰ ਰਾਜਨੀਤੀ ਵਿਚ ਆਉਣ ਦੀ ਜਰੂਰਤ ਨਹੀਂ ਸੀ। ਉਨ੍ਹਾਂ ਮਜੀਠੀਆ ਪਰਿਵਾਰ ’ਤੇ ਜਰਨਲ ਡਾਇਰ ਨੂੰ ਸਿਰੋਪਾ ਦੇਣ ਅਤੇ ਜ਼ਲਿਆਂਵਾਲਾ ਬਾਗ ਦੀ ਘਟਨਾਂ ਬਾਅਦ ਖਾਣਾ ਖਿਲਾਉਣ ਦਾ ਦੋਸ਼ ਵੀ ਲਾਇਆ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਬਹੁਤ ਵਾਰੀ ਡਿੱਗਿਆ ਹੈ ਅਤੇ ਬਹੁਤ ਵਾਰੀ ਉੱਠਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਰਸੀ ਦਾ ਕੋਈ ਲਾਲਚ ਨਹੀਂ ਹੈ ਜਦਕਿ ਉਨ੍ਹਾਂ ਦੀ ਸੰਪਤੀ ਲਗਾਤਾਰ ਘੱਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੈਸਾ ਕਮਾਉਣਾ ਅਹਿਮੀਅਤ ਨਹੀਂ ਰੱਖਦਾ, ਇੱਜਤ ਕਮਾਉਣੀ ਮਾਅਨੇ ਰੱਖਦੀ ਹੈ। ਸਖ਼ਤ ਮਿਹਨਤ ਕਰਨ ਨਾਲ ਹੀ ਸਫ਼ਲਤਾ ਮਿਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਨੀਅਤ ਵਿਚ ਫ਼ਰਕ ਨਹੀਂ ਹੈ। ਸੂਬਾ ਸਰਕਾਰ ਬਹੁਤ ਕੁੱਝ ਸੁਧਾਰਨ ਦਾ ਯਤਨ ਕਰ ਰਹੀ ਹੈ। ਇਸ ਮੌਕੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਹਰੇਕ ਪੜ੍ਹੇ ਲਿਖੇ ਵਿਅਕਤੀ ਦੀ ਵੱਡੀ ਇੱਛਾ ਹੁੰਦੀ ਹੈ। ਮੁੱਖ ਮੰਤਰੀ ਨੇ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਦੇਣ ਨੂੰ ਤਰਜੀਹ ਦਿੱਤੀ ਹੈ। ਈਟੀਓ ਨੇ ਕਿਹਾ ਕਿ ਉਨ੍ਹਾਂ ਸਰਕਾਰੀ ਅਧਿਆਪਕ ਦੇ ਰੂਪ ਵਿਚ ਨੌਕਰੀ ਸ਼ੁਰੂ ਕੀਤੀ ਸੀ, ਪਰ ਅੱਜ ਇਸ ਮੁਕਾਮ ’ਤੇ ਪੁੱਜਿਆ ਹਾਂ। ਬਿਜਲੀ ਵਿਭਾਗ ਦੇ 79 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਹੁਣ ਤੱਕ ਬਿਜਲੀ ਵਿਭਾਗ ’ਚ 6763 ਉਮੀਦਵਾਰਾਂ ਨੂੰ ਭਰਤੀ ਕੀਤਾ ਗਿਆ ਹੈ ਜਦਕਿ ਪੰਜ ਹਜ਼ਾਰ ਹੋਰ ਭਰਤੀ ਕਰਨ ਦੀ ਕਾਰਵਾਈ ਪ੍ਰਗਤੀ ਅਧੀਨ ਹਨ। ਲੋਕ ਨਿਰਮਾਣ ਵਿਭਾਗ ਵਿਚ ਹੁਣ ਤੱਕ 626 ਵਿਅਕਤੀਆਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਹੈ।



