
ਰੂਪਨਗਰ, 21 ਜੂਨ : ਰੂਪਨਗਰ ਪੁਲਿਸ ਵੱਲੋਂ ਨਸ਼ੇ ਦੀ ਆਦਤ ਤੋਂ ਪੀੜ੍ਹਤ ਮਰੀਜ਼ਾਂ ਨੂੰ ਨਸ਼ਾ ਮੁਕਤ ਕਰਨ ਲਈ 118 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ। ਸ਼ੁੱਕਰਵਾਰਨੂੰ ਓਪਰੇਸ਼ਨ ਸੀਲ ਤਹਿਤ ਪੰਜਾਬ ਤੇ ਹਿਮਾਚਲ ਪੁਲਿਸ ਦੇ ਸਾਂਝੇ ਪਿੰਡ ਢੇਰੋਵਾਲ ਵਿਖੇ ਇੰਟਰ ਸਟੇਟ ਨਾਕੇ ‘ਤੇ ਵਾਹਨਾਂ ਦੀ ਹੋ ਰਹੀ ਚੈਕਿੰਗ ਦਾ ਨਿਰੀਖਣ ਕਰਦਿਆਂ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਐਨਡੀਪੀਐਸ 64 ਏ ਦੇ ਹੁਕਮਾਂ ਤਹਿਤ ਪਿਛਲੇ 3 ਮਹੀਨਿਆਂ ਦੌਰਾਨ 83 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਹੈ। ਇਸ ਤੋਂ ਇਲਾਵਾ ਨਸ਼ੇ ਦੀ ਆਦਤ ਤੋਂ ਪੀੜ੍ਹਤ 35 ਹੋਰ ਵਿਅਕਤੀਆਂ ਨੂੰ ਵੀ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ਼ ਕਰਵਾਉਣ ਲਈ ਦਾਖਲ ਕਰਵਾਇਆ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਕਾਰਗੁਜ਼ਾਰੀ ਬਹੁਤ ਸਫਲ ਰਹੀ ਹੈ, ਇਸ ਮੁਹਿੰਮ ਤਹਿਤ 1 ਮਾਰਚ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਰੂਪਨਗਰ ਵਿੱਚ ਐਨਡੀਪੀਐਸ ਐਕਟ ਤਹਿਤ 220 ਪਰਚੇ ਦਰਜ ਕੀਤੇ ਗਏ ਅਤੇ 346 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗੁਲਨੀਤ ਸਿੰਘ ਖੁਰਾਣਾ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 346 ਨਸ਼ਾ ਤਸਕਰਾਂ ਕੋਲੋਂ 285 ਕਿਲੋ ਭੁੱਕੀ, 877 ਗ੍ਰਾਮ ਅਫੀਮ, 566 ਗ੍ਰਾਮ ਚਰਸ, 15 ਹਜਾਰ 275 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 352 ਟੀਕੇ, 862 ਗ੍ਰਾਮ ਹੈਰੋਇਨ, 3 ਕਿਲੋ 228 ਗ੍ਰਾਮ ਨਸ਼ੀਲਾ ਪਾਊਡਰ, 430 ਗ੍ਰਾਮ ਗਾਂਜਾ, 2 ਲੱਖ 56 ਹਜ਼ਾਰ 835 ਰੁਪਏ ਡਰੱਗ ਮਨੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗੈਰ ਸਮਾਜੀ ਤੱਤ ਅਤੇ ਨਸ਼ਾ ਤਸਕਰ ਅਕਸਰ ਰਾਜਾਂ ਦੀਆਂ ਸਰਹੱਦਾਂ ਦਾ ਫਾਇਦਾ ਚੁਕਦੇ ਹੋਏ ਇੱਕ ਰਾਜ ਤੋਂ ਦੂਜੇ ਰਾਜ ਵਿਚ ਜਾ ਕੇ ਨਸ਼ਾ ਵੇਚਦੇ ਅਤੇ ਖਰੀਦਦੇ ਹਨ ਅਤੇ ਇਸ ਸਪਲਾਈ ਲਾਈਨ ਨੂੰ ਜੜ੍ਹੋਂ ਤਬਾਹ ਕਰਨ ਦੇ ਮੰਤਵ ਨਾਲ ਹੀ ਪੰਜਾਬ ਅਤੇ ਹਿਮਾਚਲ ਪੁਲਿਸ ਵਲੋਂ ਸੰਯੁਕਤ ਰੂਪ ਵਿੱਚ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਐਸ ਐਸ ਪੀ ਨੇ ਦੱਸਿਆ ਕਿ ਹਿਮਾਚਲ ਪੁਲਿਸ ਦੇ ਸਹਿਯੋਗ ਨਾਲ ਨਾਕੇ ਉੱਤੇ ਫੜੇ ਗਏ ਕਿਸੇ ਵੀ ਸ਼ੱਕੀ ਵਿਅਕਤੀ ਦੀ ਜਾਣਕਾਰੀ ਤੁਰੰਤ ਮੁਹਈਆਂ ਹੋ ਜਾਂਦੀ ਹੈ ਜਿਸ ਉਪਰੰਤ ਗੈਰ ਸਮਾਜੀ ਤੱਤਾਂ ਖਿਲਾਫ ਕਾਰਵਾਈ ਕਰਨਾ ਆਸਾਨ ਹੋ ਜਾਂਦਾ ਹੈ। ਇਸ ਮੌਕੇ ਡੀਐਸਪੀ ਰਾਜਪਾਲ ਸਿੰਘ ਗਿੱਲ, ਐਸਐੱਚਓ ਗੁਰਵਿੰਦਰ ਸਿੰਘ ਢਿੱਲੋਂ ਅਤੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਹੋਰ ਉੱਚ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।



