
ਅੰਮ੍ਰਿਤਸਰ, 18 ਜੂਨ : ਸੀਐਮ ਯੋਗਸ਼ਾਲਾ ਦੇ ਤਹਿਤ 21 ਜੂਨ, 2025 ਨੂੰ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਗਾਂਧੀ ਗਰਾਊਂਡ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ 21 ਜੂਨ ਨੂੰ ਸਵੇਰੇ 5:30 ਤੋਂ 7 ਵਜੇ ਤੱਕ ਗਾਂਧੀ ਗਰਾਊਂਡ ਵਿਖੇ ਯੋਗਾ ਕਰਵਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਹਰ ਬਲਾਕ ਵਿਚ ਵੀ ਯੋਗ ਕਲਾਸਾਂ ਲੱਗਣਗੀਆਂ। ਏਡੀਸੀ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਸਵੇਰੇ 5 ਵਜੇ ਗਾਂਧੀ ਗਰਾਊਂਡ ਵਿਖੇ ਜ਼ਰੂਰ ਪਹੁੰਚਣ। ਉਨ੍ਹਾਂ ਦੱਸਿਆ ਕਿ ਸਾਰੇ ਬਲਾਕਾਂ ਵਿਚ ਸਵੇਰੇ 6 ਤੋਂ 7 ਵਜੇ ਤੱਕ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਲੋਕਾਂ ਨੂੰ ਯੋਗ ਸਿਖਾਇਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨ ਨੇ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਯੋਗਾ ਕਲਾਸਾਂ ਵਿਚ ਜ਼ਰੂਰ ਭਾਗ ਲੈਣ ਅਤੇ ਆਪਣੇ ਸ਼ਰੀਰ ਨੂੰ ਤੰਦਰੁਸਤ ਬਣਾਉਣ। ਇਸ ਉਪਰੰਤ ਜਿਲ੍ਹੇ ਵਿਚ ਚੱਲ ਰਹੀ ਸੀਐਮ ਯੋਗਸ਼ਾਲਾ ਦੇ ਕੰਮਾਂ ਦਾ ਰੀਵਿਊ ਕਰਦੇ ਹੋਏ ਦੱਸਿਆ ਕਿ ਸੀਐਮ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿਚ 250 ਯੋਗਾ ਕਲਾਸਾਂ ਚੱਲ ਰਹੀਆ ਹਨ ਅਤੇ 25 ਯੋਗ ਟ੍ਰੇਨਰ ਅਤੇ 44 ਡਿਪਲੋਮਾ ਵਿਦਿਆਰਥੀ ਨਿਯੁਕਤ ਕੀਤੇ ਗਏ ਹਨ। ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦਿਹਾਤੀ ਖੇਤਰ ਵਿਚ 140 ਗ੍ਰਾਮ ਪੰਚਾਇਤਾਂ ਵਿਚ ਵੀ ਯੋਗ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ, ਜਿਥੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਕੇ ਆਪਣੇ ਆਪ ਨੂੰ ਨਿਰੋਗ ਬਣਾ ਰਹੇ ਹਨ। ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਫਾਇਦਾ ਹਰ ਵਿਅਕਤੀ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਹੋਰ ਵਸਨੀਕ ਵੀ ਆਪਣੇ ਖੇਤਰ ਵਿੱਚ ਯੋਗਾ ਦੀਆਂ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ 76694-00500 ਨੰਬਰ ’ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਮੁਹੱਲੇ ਵਿੱਚ ਯੋਗਾ ਕਲਾਸ ਸ਼ੁਰੂ ਕਰਵਾਉਣ ਲਈ ਘੱਟੋ-ਘੱਟ 25 ਵਿਅਕਤੀ ਯੋਗਾ ਕਰਨ ਦੇ ਚਾਹਵਾਨ ਹੋਣੇ ਜ਼ਰੂਰੀ ਹਨ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਓਥੇ ਮੁਫ਼ਤ ਯੋਗਾ ਕਲਾਸਾਂ ਲਈ ਮਾਹਿਰ ਯੋਗ ਟੀਚਰ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੰਦਰੁਸਤ ਤੇ ਨਿਰੋਗ ਜੀਵਨ ਲਈ ਯੋਗਾ ਨਾਲ ਜੁੜਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਉਠਾਉਣ। ਇਸ ਮੀਟਿੰਗ ਵਿਚ ਜਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਦਿਨੇਸ਼, ਜੰਗਲਾਤ ਰੇਂਜ ਅਫਸਰ ਮੋਹਨਦੀਪ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਅਮਨਜੀਤ ਸਿੰਘ, ਜਿਲ੍ਹਾ ਕੁਆਰਡੀਨੇਟਰ ਯੋਗਾ ਸੰਜੈ ਸਿੰਘ, ਸੈਨੀਟੇਸ਼ਨ ਅਧਿਕਾਰੀ ਮਲਕੀਤ ਸਿੰਘ, ਮਾਰਕੀਟਿੰਗ ਮੈਨੇਜਰ ਵੇਰਕਾ ਸੰਦੀਪ ਸਿੰਘ, ਜਿਲ੍ਹਾ ਖੇਡ ਕੁਆਰਡੀਨੇਟਰ ਆਸ਼ੂ ਵਿਸ਼ਾਲ, ਨਿਗਰਾਨ ਦਿਨੇਸ਼ ਸੂਰੀ ਤੋਂ ਇਲਾਵਾ ਵੱਖ ਵੱਖ ਅਧਿਕਾਰੀ ਹਾਜ਼ਰ ਸਨ।



