Punjab

ਮਰਲਾ ਜ਼ਮੀਨ ਪਿੱਛੇ ਕੀਤੀ ਫਾਇਰਿੰਗ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਜ਼ੀਰਾ, 18 ਜੂਨ : ਜ਼ੀਰਾ ਦੇ ਪਿੰਡ ਭਾਗੋਕੇ ਵਿਖੇ ਪਿੰਡ ਦੀ ਫਿਰਨੀ ਦੀ ਇਕ ਮਰਲਾ ਜਗ੍ਹਾ ਪਿੱਛੇ ਚੱਲੀ ਗੋਲੀ ਦੌਰਾਨ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਭਾਗਪ੍ਰੀਤ ਸਿੰਘ ਵਾਸੀ ਪਿੰਡ ਭਾਗੋਕੇ ਨੇ ਦੱਸਿਆ ਕਿ ਬੀਤੀ ਰਾਤ ਪ੍ਰਦੀਪ ਸਿੰਘ ਅਤੇ ਅਮਰਜੀਤ ਸਿੰਘ ਦੋਵੇਂ ਪਿਓ-ਪੁੱਤ ਆਪਣੇ ਦੋ ਪਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਦੋ ਪਿਸਤੌਲਾਂ ਅਤੇ ਇਕ ਬੰਦੂਕ ਸਮੇਤ ਪਿੰਡ ਦੀ ਫਿਰਨੀ ਤੇ ਆ ਗਏ ਅਤੇ ਫਿਰਨੀ ਦੇ ਕਿਨਾਰਿਆਂ ਤੋਂ ਇੱਟਾਂ ਪੁੱਟ ਕੇ ਇਕ ਮਰਲਾ ਜ਼ਮੀਨ ਨੂੰ ਵਾਹ ਕੇ ਆਪਣੀ ਪੈਲੀ ਵਿਚ ਰਲਾਉਣ ਲੱਗੇ ਤਾਂ ਉਨ੍ਹਾਂ ਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਜਾ ਕੇ ਪ੍ਰਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਰੋਕਿਆ। ਰੋਕਣ ’ਤੇ ਉਨ੍ਹਾਂ ਫਾਇਰ ਕੀਤੇ ਤੇ ਮੇਰੇ ਭਤੀਜੇ ਕਰਮਨਜੋਤ ਸਿੰਘ (17) ਪੁੱਤਰ ਗੁਰਪ੍ਰੀਤ ਵਾਸੀ ਭਾਗੋਕੇ ਸਿੰਘ ਦੀ ਛਾਤੀ ਵਿਚ ਵੱਜਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੁਰਵੀਰ ਸਿੰਘ (25) ਪੁੱਤਰ ਕੁਲਵੰਤ ਸਿੰਘ ਦੀ ਧੌਣ ’ਤੇ ਛਰੇ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਸੰਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ’ਤੇ ਵੀ ਬੰਦੂਕ ਦੇ ਬੱਟ ਨਾਲ ਵਾਰ ਕੀਤੇ ਗਏ, ਜਿਸ ਨਾਲ ਉਸਦੇ ਸਿਰ ਵਿੱਚ ਸੱਟਾਂ ਵੱਜੀਆਂ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ। ਥਾਣਾ ਮੱਲਾਂਵਾਲਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button