ਹਨੀ ਟ੍ਰੈਪ ’ਚ ਫਸਾ ਕੇ ਨੌਜਵਾਨ ਤੋਂ ਮੰਗੀ ਇਕ ਕਰੋੜ ਦੀ ਫਿਰੌਤੀ, ਭਤੀਜੇ ਦੀ 35 ਏਕੜ ਜ਼ਮੀਨ ਦੇ ਲਾਲਚ ਨੇ ਚਾਚੇ ਨੂੰ ਬਣਾਤਾ ਮੁਲਜ਼ਮ

ਪਟਿਆਲਾ, 16 ਜੂਨ : ਰਿਸ਼ਤੇਦਾਰੀ ’ਚ ਭਤੀਜੇ ਦੀ 35 ਏਕੜ ਜ਼ਮੀਨ ਦੇਖ ਕੇ ਲਾਲਚ ’ਚ ਆ ਕੇ ਉਸ ਨੂੰ ਹਨੀ ਟ੍ਰੈਪ ’ਚ ਫਸਾ ਕੇ ਅਗਵਾ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਮੰਗਣ ਵਾਲੇ ਚਾਚੇ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਹਨੀ ਟ੍ਰੈਪ ’ਚ ਫਸਾਉਣ ਵਾਲੀ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਦਕਿ ਪੰਜ ਮੁਲਜ਼ਮ ਫਰਾਰ ਹਨ। ਪਿੰਡ ਕਾਲਬੰਜਾਰਾ ਸੰਗਰੂਰ ਦਾ ਵਾਸੀ ਜਸਪ੍ਰੀਤ ਸਿੰਘ (20) ਜੋ ਖਾਲਸਾ ਕਾਲਜ ਦਾ ਪਹਿਲੇ ਸਾਲ ਦਾ ਵਿਦਿਆਰਥੀ ਹੈ, ਹਰਸ਼ਿਤਾ ਨਾਮਕ ਕੁੜੀ ਦੇ ਪ੍ਰੇਮ ਜਾਲ ’ਚ ਫਸ ਗਿਆ। ਜਸਪ੍ਰੀਤ ਨੂੰ ਦੋਸਤ ਦੇ ਜਨਮ ਦਿਨ ਦੇ ਬਹਾਨੇ ਬੁਲਾ ਕੇ ਅਗਵਾ ਕਰ ਲਿਆ ਗਿਆ। ਰਸਤੇ ਵਿਚ ਮੁਲਜ਼ਮਾਂ ਨੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਪਰ 1 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਏ ਜਦੋਂ ਕਿ 1 ਲੱਖ ਰੁਪਏ ਦਾ ਪ੍ਰਬੰਧ ਨਹੀਂ ਹੋ ਸਕਿਆ ਤਾਂ ਮੁਲਜ਼ਮਾਂ ਨੇ ਫੜੇ ਜਾਣ ਦੇ ਡਰੋਂ ਜਸਪ੍ਰੀਤ ਸਿੰਘ ਨੂੰ ਛੱਡ ਦਿੱਤਾ ਪਰ ਉਸ ਦਾ ਮੋਬਾਈਲ ਡਾਟਾ ਆਪਣੇ ਫੋਨ ’ਚ ਟ੍ਰਾਂਸਫਰ ਕਰ ਦਿੱਤਾ। 9 ਜੂਨ ਨੂੰ ਮੁਲਜ਼ਮ ਨੇ ਆਪਣੇ ਮੋਬਾਈਲ ਡੈਟਾ ਤੋਂ ਜਸਪ੍ਰੀਤ ਦੀ ਪ੍ਰੇਮਿਕਾ ਨਾਲ ਬਣਾਈ ਗਈ ਅਸ਼ਲੀਲ ਵੀਡੀਓ ਭੇਜ ਦਿੱਤੀ ਤੇ 10 ਲੱਖ ਰੁਪਏ ਦੀ ਮੰਗ ਕਰਨ ਲੱਗਾ। ਬਲੈਕਮੇਲਿੰਗ ਤੋਂ ਪਰੇਸ਼ਾਨ ਹੋ ਕੇ ਜਸਪ੍ਰੀਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਚਾਚਾ ਤੇ ਉਸ ਦੇ ਸਾਥੀਆਂ ਦਾ ਪਰਦਾਫਾਸ਼ ਹੋ ਗਿਆ। ਮਾਮਲੇ ’ਚ 21 ਸਾਲਾ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਜਸਪ੍ਰੀਤ ਸਿੰਘ ਨੂੰ ਪਿਆਰ ਜਾਲ ’ਚ ਫਸਾਇਆ ਸੀ। ਮੁਲਜ਼ਮ ਸਤਗੁਰ ਸਿੰਘ ਵਾਸੀ ਪਿੰਡ ਕਾਲਬੰਜਾਰਾ ਦਾ ਜਸਪ੍ਰੀਤ ਸਿੰਘ ਭਤੀਜਾ ਹੈ। ਜਸਪ੍ਰੀਤ ਸਿੰਘ ਕੋਲ ਆਪਣੇ ਹਿੱਸੇ ’ਚ 35 ਏਕੜ ਜ਼ਮੀਨ ਹੈ, ਜਦੋਂ ਕਿ ਸਤਗੁਰ ਸਿੰਘ ਦੀ ਵਿੱਤੀ ਹਾਲਤ ਚੰਗੀ ਨਹੀਂ ਸੀ। ਸਤਗੁਰ ਸਿੰਘ ਖਰੜ ’ਚ ਕੈਬ ਚਲਾਉਂਦਾ ਸੀ, ਜਿੱਥੇ ਉਸ ਦੀ ਜਾਣ-ਪਛਾਣ ਬਲਵਿੰਦਰ ਸਿੰਘ ਵਾਸੀ ਪਿੰਡ ਗੜ੍ਹੀ ਰੋਪੜ, ਜੁਗਨੂੰ ਵਾਸੀ ਰੋਪੜ, ਸਮਨਦੀਪ ਸਿੰਘ ਵਾਸੀ ਭੂਟਲ ਕਲਾਂ ਥਾਣਾ ਲਹਿਰਾ ਸੰਗਰੂਰ ਨਾਲ ਹੋਈ। ਬਲਵਿੰਦਰ ਸਿੰਘ ਮਨਪ੍ਰੀਤ ਕੌਰ ਦੇ ਸੰਪਰਕ ’ਚ ਸੀ, ਜੋ ਰੋਪੜ ਦੀ ਰਹਿਣ ਵਾਲੀ ਸੀ ਤੇ ਹੁਣ ਖਰੜ ’ਚ ਰਹਿੰਦੀ ਸੀ। ਸਤਗੁਰ ਨੇ ਅਗਵਾ ਕਰਨ ਦੀ ਯੋਜਨਾ ਬਣਾਈ ਅਤੇ ਮਨਪ੍ਰੀਤ ਕੌਰ ਨੂੰ ਹਰਸ਼ਿਤਾ ਦੇ ਰੂਪ ’ਚ ਜਸਪ੍ਰੀਤ ਨਾਲ ਦੋਸਤੀ ਕਰਨ ਲਈ ਕਿਹਾ। ਦੋਵਾਂ ਨੇ ਕਈ ਦਿਨਾਂ ਤੱਕ ਇੰਟਰਨੈੱਟ ਮੀਡੀਆ ’ਤੇ ਗੱਲਬਾਤ ਕੀਤੀ ਅਤੇ 3 ਮਈ ਨੂੰ ਜਸਪ੍ਰੀਤ ਸਿੰਘ ਨੂੰ ਉਸ ਦੀ ਸਹੇਲੀ ਦਾ ਜਨਮ ਦਿਨ ਮਨਾਉਣ ਦੇ ਬਹਾਨੇ ਬੁਲਾਇਆ। ਜਸਪ੍ਰੀਤ ਸਿੰਘ ਅਰਬਨ ਅਸਟੇਟ ਫੇਜ਼ 2 ’ਚ ਪੁੱਜਾ ਜਿੱਥੇ ਮਨਪ੍ਰੀਤ ਕੌਰ ਹਰਸ਼ਿਤਾ ਦੇ ਭੇਸ ’ਚ ਇਕ ਨੌਜਵਾਨ ਨਾਲ ਕਾਰ ’ਚ ਆਈ। ਉਹ ਜਸਪ੍ਰੀਤ ਨੂੰ ਕਾਰ ’ਚ ਬਿਠਾ ਕੇ ਸਰਹਿੰਦ ਰੋਡ ਵੱਲ ਲੈ ਗਏ ਪਰ ਰਸਤੇ ’ਚ ਜਦੋਂ ਉਹ ਹੇਠਾਂ ਉਤਰੀ ਤਾਂ ਤਿੰਨ ਹੋਰ ਮੁੰਡੇ ਕਾਰ ’ਚ ਸਵਾਰ ਹੋ ਗਏ। ਇਨ੍ਹਾਂ ਮੁੰਡਿਆਂ ਨੇ ਜਸਪ੍ਰੀਤ ਸਿੰਘ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਅਤੇ ਉਸ ਤੋਂ ਪਿਸਤੌਲ ਦੇ ਜ਼ੋਰ ’ਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਉਸ ਨੂੰ ਕਿਸੇ ਅਣਜਾਣ ਜਗ੍ਹਾ ’ਤੇ ਲਿਜਾਣ ਤੋਂ ਬਾਅਦ ਉਨ੍ਹਾਂ ਨੇ 1 ਲੱਖ ਰੁਪਏ ਦੀ ਮੰਗ ਕੀਤੀ ਪਰ ਦੋਸਤਾਂ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਕਿਹਾ ਗਿਆ ਕਿ ਸਿਰਫ 30 ਹਜ਼ਾਰ ਰੁਪਏ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਜਦੋਂ ਪੈਸੇ ਦਾ ਪ੍ਰਬੰਧ ਨਾ ਹੋ ਸਕਿਆ, ਤਾਂ ਮੁਲਜ਼ਮਾਂ ਨੇ ਅਗਲੇ ਦਿਨ ਉਸ ਨੂੰ ਮਾਧੋਪੁਰ ਚੌਕ ਸਰਹਿੰਦ ’ਤੇ ਛੱਡ ਦਿੱਤਾ।



