Punjab

ਵਧਦੀ ਗਰਮੀ ਕਾਰਨ ਮੋਗਾ ‘ਚ ਨੌਜਵਾਨ ਦੀ ਮੌਤ, ਸ਼ਨਾਖਤ ਲਈ ਸਿਵਲ ਹਸਪਤਾਲ ਰਖਵਾਈ ਲਾਸ਼

ਮੋਗਾ, 13 ਜੂਨ : ਦਿਨੋਂ ਦਿਨ ਵਧਦੀ ਗਰਮੀ ਕਾਰਨ ਤਾਪਮਾਨ ਦੀ ਤੀਬਰ ਲਹਿਰ ਹੁਣ ਜੀਵਨ ਲਈ ਖ਼ਤਰਾ ਬਣਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕੋਟਕਪੂਰਾ ਰੋਡ ‘ਤੇ ਪੈਂਦੇ ਪਿੰਡ ਕੋਠੇ ਪੱਤੀ ਮੁਹੱਬਤ ਦੇ ਨੇੜੇ ਇੱਕ ਨੌਜਵਾਨ ਦੀ ਵਧ ਰਹੀ ਗਰਮੀ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨ ਰਸਤੇ ਵਿਚ ਜਾ ਰਿਹਾ ਸੀ ਤਾਂ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਇਸਦੀ ਨਾਜ਼ੁਕ ਹਾਲਤ ਦੇਖ ਕੇ ਤੁਰੰਤ ਮੋਗਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਮੌਤ ਉੱਚ ਤਾਪਮਾਨ ਅਤੇ ਹੀਟ ਸਟ੍ਰੋਕ ਕਾਰਨ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਅਸਲ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ।ਇਸ ਮੌਕੇ ਸਮਾਜ ਸੇਵਾ ਸੋਸਾਇਟੀ ਮੋਗਾ ਦੇ ਸੇਵਾਦਾਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਮਾਨਵਤਾ ਦੇ ਨਾਤੇ ਮੋਗਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ 72 ਘੰਟਿਆਂ ਲਈ ਲਾਸ਼ ਦੀ ਪਛਾਣ ਕਰਵਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਸਮਾਜ ਸੇਵਾ ਸੋਸਾਇਟੀ ਮੋਗਾ ਇਲਾਕੇ ਦੀ ਉਹ ਵਿਲੱਖਣ ਸੰਸਥਾ ਹੈ ਜੋ ਲਵਾਰਸ ਲਾਸ਼ਾਂ ਦੀ ਪਛਾਣ, ਸੰਭਾਲ ਅਤੇ ਸਸਕਾਰ ਤੱਕ ਦੀ ਪੂਰੀ ਜ਼ਿੰਮੇਵਾਰੀ ਨਿਭਾਉਂਦੀ ਹੈ। ਇਹਨਾਂ ਦੀ ਇਨਸਾਨੀ ਸੇਵਾ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣ ਰਹੀ ਹੈ। ਇਸ ਮੌਕੇ ਪੁਲਿਸ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵਧਦੀ ਗਰਮੀ ਦੌਰਾਨ ਆਪਣੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਬਿਨਾਂ ਲੋੜ ਦੇ ਘਰੋਂ ਬਾਹਰ ਨਾ ਨਿਕਲਣ, ਲੂ ਤੋਂ ਬਚਾਅ ਲਈ ਠੰਢਾ ਪਾਣੀ, ਸਿਰ ‘ਤੇ ਕੱਪੜਾ ਅਤੇ ਹੋਰ ਸੁਰੱਖਿਆ ਉਪਾਅ ਜ਼ਰੂਰ ਵਰਤਣ।

Related Articles

Leave a Reply

Your email address will not be published. Required fields are marked *

Back to top button