Punjab

ਫਿਰੋਜ਼ਪੁਰ ਤੋਂ ਨਾਂਦੇੜ ਹਜੂਰ ਸਾਹਿਬ ਜਾਣ ਵਾਲੀ ਟ੍ਰੇਨ ਨੂੰ ਰਾਣਾ ਸੋਢੀ ਨੇ ਦਿੱਤੀ ਹਰੀ ਝੰਡੀਆਂ, ਟ੍ਰੇਨ ਚਲਣ ਤੋਂ ਪਹਿਲਾਂ ਕੀਤੀ ਗਈ ਅਰਦਾਸ

ਰਾਣਾ ਸੋਢੀ ਨੇ ਕਿਹਾ: ਸਿੱਖ ਸੰਗਤਾਂ ਲਈ ਹਜੂਰ ਸਾਹਿਬ ਲਈ ਟ੍ਰੇਨ ਸ਼ੁਰੂ ਕਰਨਾ ਪ੍ਰਧਾਨ ਮੰਤਰੀ ਦਾ ਤੋਹਫ਼ਾ

ਜਸਵਿੰਦਰ ਸਿੰਘ ਸੰਧੂ

ਫ਼ਿਰੋਜ਼ਪੁਰ, 13 ਜੂਨ : ਸਿਮਾਵਰਤੀ ਜ਼ਿਲ੍ਹੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਈ, ਜਦੋਂ ਫ਼ਿਰੋਜ਼ਪੁਰ ਤੋਂ ਨਾਂਦੇੜ ਹਜ਼ੂਰ ਸਾਹਿਬ ਲਈ ਟਰੇਨ ਰਵਾਨਾ ਹੋਈ, ਜਿਸ ਨੂੰ ਹਰੀ ਝੰਡੀਆਂ ਦੇਣ ਦੀ ਰਸਮ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਡਾ: ਰਾਣਾ ਗੁਰਮੀਤ ਸਿੰਘ ਸੋਢੀ ਨੇ ਅਦਾ ਕੀਤੀ। ਛਾਉਣੀ ਰੇਲਵੇ ਸਟੇਸ਼ਨ ’ਤੇ ਟਰੇਨ ਚੱਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ, ਜਿਸ ਵਿਚ ਬਾਬਾ ਕੁਲਦੀਪ ਸਿੰਘ ਚਰਨ ਸਾਹਿਬ ਵਾਲੇ, ਦਲ ਪੰਥ ਦੇ ਮੁੱਖ ਜਥੇਦਾਰ ਬਾਬਾ ਦੀਪ ਸਿੰਘ, ਸੰਤ ਬਾਬਾ ਕਰਮ ਸਿੰਘ ਭਾਵਾਲ ਵਾਲੇ, ਜਥੇਦਾਰ ਬਾਬਾ ਸਤਨਾਮ ਸਿੰਘ ਹਜ਼ੂਰ ਸਾਹਿਬ, ਐੱਸ.ਜੀ.ਪੀ.ਸੀ. ਮੈਂਬਰ ਸਤਪਾਲ ਸਿੰਘ ਤਲਵੰਡੀ, ਐੱਸ.ਜੀ.ਪੀ.ਸੀ. ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ, ਬਾਬਾ ਗੁਰਮੇਲ ਸਿੰਘ ਜਾਮਨੀ ਸਾਹਿਬ ਕਾਰ ਸੇਵਾ, ਸੰਤ ਬਾਬਾ ਸੁੱਚਾ ਸਿੰਘ ਨਾਨਕਸਰ ਖ਼ਾਸ ਤੌਰ ’ਤੇ ਹਾਜ਼ਰ ਸਨ। ਭਾਜਪਾ ਨੇਤਾ ਰਾਣਾ ਸੋਢੀ ਨੇ ਸਾਰੇ ਸਿੰਘ ਸਾਹਿਬਾਨ ਨੂੰ ਸਿਰੋਪਾ ਪਹਿਣਾ ਕੇ ਸਨਮਾਨਿਤ ਕੀਤਾ ਅਤੇ ਪੂਰੇ ਸਟੇਸ਼ਨ ’ਤੇ ‘ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ’ ਦੇ ਜੈਕਾਰੇ ਗੂੰਜੇ। ਐੱਸ.ਜੀ.ਪੀ.ਸੀ. ਵਲੋਂ ਸੰਗਤਾਂ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ। ਰਾਣਾ ਸੋਢੀ ਨੇ ਟਰੇਨ ਚਾਲਕ ਦੇ ਨਾਲ-ਨਾਲ ਹੋਰ ਸਟਾਫ਼ ਮੈਂਬਰਾਂ ਦਾ ਵੀ ਸਨਮਾਨ ਕੀਤਾ। ਰਾਣਾ ਸੋਢੀ ਨੇ ਦੱਸਿਆ ਕਿ ਫ਼ਿਰੋਜ਼ਪੁਰ-ਨਾਂਦੇੜ ਐਕਸਪ੍ਰੈੱਸ ਗੱਡੀ ਨੰਬਰ 14622 ਹਰ ਹਫ਼ਤੇ ਸ਼ੁੱਕਰਵਾਰ ਨੂੰ ਫ਼ਿਰੋਜ਼ਪੁਰ ਤੋਂ ਦੁਪਹਿਰ 1:25 ਵਜੇ ਰਵਾਨਾ ਹੋਏਗੀ, ਜੋ ਕਿ ਨਾਂਦੇੜ ਵਿਚ ਐਤਵਾਰ ਨੂੰ ਸਵੇਰੇ 3:30 ਵਜੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਹਜੂਰ ਸਾਹਿਬ-ਨਾਂਦੇੜ ਐਕਸਪ੍ਰੈੱਸ ਵਿਚ ਕੁੱਲ 19 ਕੋਚ ਹੋਣਗੇ, ਜਿਨ੍ਹਾਂ ਵਿਚ 1 ਜਨਰੇਟਰ ਕਾਰ, 1 ਲੈਗੇਜ਼ ਵਾਲ, 7 ਸਲੀਪਰ ਕੋਚ, 4 ਜਨਰਲ ਕੋਚ, 4 ਥਰਡ ਏਸੀ ਕੋਚ, ਥਰਡ ਏਸੀ ਇਕਨਾਮਿਕ ਕੋਚ ਅਤੇ 2 ਸੈਕੰਡ ਏਸੀ ਕੋਚ ਦੀ ਸੁਵਿਧਾ ਰਹੇਗੀ। ਉਨ੍ਹਾਂ ਕਿਹਾ ਕਿ ਇਸ ਟਰੇਨ ਦੇ ਚੱਲਣ ਨਾਲ ਸਿੱਖ ਸੰਗਤਾਂ ਦੇ ਨਾਲ-ਨਾਲ ਸ਼ਿਰਡੀ ਸਾਈ ਬਾਬਾ ਅਤੇ ਸ਼ਨੀ ਸ਼੍ਰਿਣਾਪੁਰ ਜਾਣ ਵਾਲੀ ਸੰਗਤਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ਿਰੋਜ਼ਪੁਰ ਲਈ ਤੋਹਫ਼ਾ ਹੈ ਅਤੇ ਹਮੇਸ਼ਾ ਹੀ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਭਲੇ ਲਈ ਕਦਮ ਚੁੱਕੇ ਹਨ। ਭਾਜਪਾ ਨੇਤਾ ਰਾਣਾ ਸੋਢੀ ਨੇ ਦੱਸਿਆ ਕਿ 18 ਜੂਨ ਬੁੱਧਵਾਰ ਨੂੰ ਹਰਿਦਵਾਰ ਲਈ ਵੀ ਸਿੱਧੀ ਟਰੇਨ ਚੱਲੇਗੀ। ਉਨ੍ਹਾਂ ਕਿਹਾ ਕਿ ਮੋਗਾ ਤੋਂ ਦਿੱਲੀ ਲਈ ਚੱਲਣ ਵਾਲੀ ਮੋਗਾ ਇੰਟਰਸਿਟੀ ਸੁਪਰਫਾਸਟ ਐਕਸਪ੍ਰੈੱਸ ਗੱਡੀ ਨੂੰ ਰੇਲਵੇ ਵੱਲੋਂ ਵਧਾ ਕੇ ਹੁਣ ਫ਼ਿਰੋਜ਼ਪੁਰ ਤੋਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੱਡੀ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਹੁਣ ਫ਼ਿਰੋਜ਼ਪੁਰ ਤੋਂ ਚੱਲੇਗੀ, ਜਿਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਭਰਪੂਰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਉਸੇ ਤਰ੍ਹਾਂ ਲੰਮੇ ਸਮੇਂ ਤੋਂ ਬੰਦ ਪਈ ਫ਼ਿਰੋਜ਼ਪੁਰ-ਚੰਡੀਗੜ੍ਹ ਗੱਡੀ ਵੀ ਏਸੀ ਕੋਚਾਂ ਨਾਲ ਜੂਨ ਦੇ ਆਖ਼ਰੀ ਹਫ਼ਤੇ ਜਾਂ ਫਿਰ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਹੋ ਜਾਵੇਗੀ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇੱਥੇ ਦੇ ਲੋਕਾਂ ਨੂੰ ਸਾਹਮਣੇ ਆ ਰਹੀਆਂ ਸਮੱਸਿਆਵਾਂ ਨੂੰ ਉਨ੍ਹਾਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੇ ਸਾਹਮਣੇ ਉਠਾਇਆ ਸੀ ਅਤੇ ਰੇਲ ਮੰਤਰਾਲੇ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਦਿਆਂ ਫ਼ਿਰੋਜ਼ਪੁਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਮਾਵਰਤੀ ਜ਼ਿਲ੍ਹਾ ਫ਼ਿਰੋਜ਼ਪੁਰ ਵੱਲ ਪੂਰਾ ਧਿਆਨ ਹੈ ਅਤੇ ਇੱਥੇ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਟਰੇਨ ਵਿਚ ਸਵਾਰ ਯਾਤਰੀ ਸਰਤਬੀਰ ਸਿੰਘ ਬਰਾੜ ਨਿਵਾਸੀ ਪਿੰਡ ਨੂਰਪੁਰ ਸੇਠਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਜੂਰ ਸਾਹਿਬ ਲਈ ਸਿੱਧੀ ਟਰੇਨ ਚਲਾ ਕੇ ਸਿੱਖ ਸੰਗਤਾਂ ਨੂੰ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਟਰੇਨ ਚੱਲਣ ਦੀ ਜਾਣਕਾਰੀ ਮਿਲੀ, ਉਨ੍ਹਾਂ ਆਪਣੀ ਪਤਨੀ ਦੇ ਨਾਲ ਹਜੂਰ ਸਾਹਿਬ ਦੇ ਦਰਸ਼ਨ ਲਈ ਜਾਣ ਦੀ ਯੋਜਨਾ ਬਣਾਈ।

Related Articles

Leave a Reply

Your email address will not be published. Required fields are marked *

Back to top button