
ਤਰਨਤਾਰਨ, 12 ਜੂਨ : ਬੀਐੱਸਐੱਫ ਦੇ ਖੁਫ਼ੀਆ ਤੰਤਰ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਜਵਾਨਾਂ ਨੇ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੀਆਂ ਦੋ ਥਾਵਾਂ ਤੋਂ ਸਰਹੱਦ ਪਾਰੋਂ ਆਈ ਹੈਰੋਇਨ ਦੀਆਂ ਖੇਪਾਂ ਬਰਾਮਦ ਕੀਤੀਆਂ ਹਨ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਤੜਕਸਾਰ ਬੀਐੱਸਐੱਫ ਦੇ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਵੇਲੀਆਂ ਨਾਲ ਲੱਗਦੇ ਇਕ ਖੇਤ ’ਚੋਂ ਪੈਕੇਟ ਬਰਾਮਦ ਕੀਤਾ। ਲਾਲ ਰੰਗ ਦੀ ਟੇਪ ਨਾਲ ਲਪੇਟੇ ਉਕਤ ਪੈਕਟ ਨਾਲ ਦੋ ਰੋਸ਼ਨੀ ਵਾਲੀਆਂ ਸਟਿੱਕਾਂ ਵੀ ਲੱਗੀਆਂ ਸਨ। ਜਦੋਂਕਿ ਨਾਈਲੋਨ ਦੇ ਲੂਪ ਲੱਗੇ ਉਕਤ ਪੈਕੇਟ ਦਾ ਵਜ਼ਨ 529 ਗ੍ਰਾਮ ਸੀ। ਇਸੇ ਤਰ੍ਹਾਂ ਪਿੰਡ ਵਾਂ ਦੇ ਨਾਲ ਲੱਗਦੇ ਖੇਤਰ ’ਚੋਂ ਵੀ ਇਕ ਪੈਕੇਟ ਬੀਐੱਸਐੱਫ ਦੇ ਜਵਾਨਾਂ ਨੇ ਬਰਾਮਦ ਕੀਤਾ, ਜਿਸ ਵਜ਼ਨ 560 ਗ੍ਰਾਮ ਹੈ। ਬੁਲਾਰੇ ਨੇ ਦੱਸਿਆ ਕਿ ਸਰਹੱਦ ’ਤੇ ਤਾਇਨਾਤ ਮਜ਼ਬੂਤ ਤਕਨੀਕੀ ਉਪਾਵਾਂ ਤੇ ਬੀਐੱਸਐੱਫ ਜਵਾਨਾਂ ਦੀਆਂ ਤੇਜ਼ ਕਾਰਵਾਈਆਂ ਨਾਲ ਸਰਹੱਦ ਪਾਰੋਂ ਡ੍ਰੋਨਾਂ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬਰਾਮਦ ਕੀਤੀ ਗੋਈ ਹੈਰੋਇਨ ਸਥਾਨਕ ਪੁਲਿਸ ਦੇ ਹਵਾਲੇ ਕੀਤੀ ਗਈ ਹੈ। ਜਿੱਥੋਂ ਦੀ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।



