
ਗੁਰੂਹਰਸਹਾਏ, 9 ਜੂਨ : ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਤਰਿੱਡਾ ਦੇ ਨੌਜਵਾਨ ਸਰਪੰਚ ਜਸ਼ਨਪ੍ਰੀਤ ਸਿੰਘ ਜਸ਼ਨ ਬਾਵਾ ਦੀ ਮੌਤ ਦਾ ਇਨਸਾਫ ਲੈਣ ਲਈ ਲੋਕਾਂ ਦਾ ਵੱਡਾ ਜਨ ਸੈਲਾਬ ਉਬੜਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਵੱਖ ਵੱਖ ਜਥੇਬੰਦੀਆਂ ਦੇ, ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਗਠਨਾਂ ਅਤੇ ਪੰਚਾਇਤਾਂ ਦੇ ਨੁਮਾਇੰਦਿਆ ਦੇ ਨਾਲ ਪਹੁੰਚੇ ਹਜ਼ਾਰਾਂ ਵਰਕਰਾਂ ਤੇ ਭਲਵਾਨਾਂ ਵੱਲੋਂ ਇਕ ਸੁਰ ਵਿੱਚ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਬਚਿੱਤਰ ਸਿੰਘ ਲਾਡੀ ਨੂੰ ਜਸ਼ਨ ਦੀ ਮੌਤ ਦਾ ਜਿੰਮੇਵਾਰ ਠਰਾਉਂਦੇ ਹੋਏ ਉਹਨਾਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ । ਇਸ ਮੌਕੇ ਪੁਲਸ ਪ੍ਰਸ਼ਾਸਨ ਵਲੋਂ ਐੱਸਪੀਡੀ ਫਿਰੋਜਪੁਰ ਮਨਜੀਤ ਸਿੰਘ ਵਲੋਂ ਜਸ਼ਨ ਬਾਵਾ ਕਤਲਕਾਂਡ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਕਹੀ ਗਈ ਪਰ ਇਸ ਗੱਲ ਨੂੰ ਨਾਮਨਜ਼ੂਰ ਕਰਦੇ ਹੋਏ ਕਮੇਟੀ ਵੱਲੋਂ ਧਰਨਾ ਜਾਰੀ ਰੱਖਿਆ ਗਿਆ ਅਤੇ ਆਪਣੇ ਰੋਸ ਨੂੰ ਹੋਰ ਤਿੱਖਾ ਕਰਦੇ ਹੋਏ ਜੀਟੀ ਰੋਡ ਜਾਮ ਕਰਕੇ ਆਪਣਾ ਰੋਸ ਪ੍ਰਗਟਾਇਆ ਗਿਆ। ਇਸ ਦੋਰਾਨ ਪੁਲਸ ਵੱਲੋਂ ਦੰਗਾ ਰੌਕੂ ਵਾਹਨਾਂ ਸਮੇਤ ਕਾਫੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਸਾਰਾ ਪ੍ਰਸ਼ਾਸਨ ਮਾਮਲੇ ਦੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ ਪਰ ਜਦੋਂ ਤੱਕ ਜਸ਼ਨ ਬਾਵਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਵੇਂ ਉਕਤ ਦੋਸ਼ੀਆਂ ਖਿਲਾਫ ਕਤਲ ਦਾ ਕੇਸ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਲੋਕਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪੁਲਸ ਵੱਲੋਂ ਬਦਲਵੇ ਰਾਹਾਂ ਰਾਂਹੀ ਆਵਾਜਾਈ ਨੂੰ ਬਹਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਿੰਡ ਤਰਿੱਡਾ ਦੇ ਨੋਜਵਾਨ ਸਰਪੰਚ ਜਸ਼ਨ ਬਾਵਾ ਵੱਲੋਂ ਆਪਣੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਸੀ ਜਿਸ ਲਈ ਉਸਦੇ ਪਰਿਵਾਰ ਅਤੇ ਇਲਾਕੇ ਭਰ ਦੇ ਲੋਕਾਂ ਵੱਲੋਂ ਹਲਕੇ ਦੇ ਵਿਧਾਇਕ ਅਤੇ ਉਸ ਦੇ ਪੀ ਏ ਉਤੇ ਸਰਪੰਚ ਨੂੰ ਕੰਮ ਨਾ ਕਰਨ ਦੇਣ ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ। ਇਸ ਮੌਕੇ ਅਵਤਾਰ ਸਿੰਘ ਮਹਿਮਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦੀਪਕ ਸ਼ਰਮਾ, ਧਰਮ ਸਿੰਘ ਸਿੱਧੂ, ਸਾਬਕਾ ਵਿਧਾਇਕ ਰਮਿੰਦਰ ਆਵਲਾ, ਮੋਂਟੂ ਵੋਹਰਾ, ਰਮੇਸ਼ ਕੰਬੋਜ, ਰਾਜਾ ਕੁਮਾਰ, ਲਾਡਾ ਵੋਹਰਾ, ਕਾਕਾ ਮਹੰਤ, ਗੁਰਮੀਤ ਸਿੰਘ ਕਾਹਨ ਸਿੰਘ ਵਾਲਾ, ਕਾਕਾ ਕੰਬੋਜ, ਮੋਂਟੂ ਵੋਹਰਾ, ਅਮਿਤੋਜ ਮਾਨ, ਕੁਲਦੀਪ ਸਮਰਾ ਤੋਂ ਇਲਾਵਾ ਅਨੇਕਾਂ ਆਗੂਆਂ ਨੇ ਸੰਬੋਧਨ ਕੀਤਾ ।



