Punjab

ਨਾਬਾਲਿਗਾ ਨੇ ਗੁਆਂਢੀ ’ਤੇ ਲਾਏ ਛੇੜਛਾੜ ਤੇ ਕੱਪੜੇ ਪਾੜਣ ਦੇ ਦੋਸ਼

ਬਾਲ ਕਿਸ਼ਨ

ਫਿਰੋਜ਼ਪੁਰ, 7 ਜੂਨ : ਥਾਣਾ ਆਰਿਫ ਕੇ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਿਗ ਲੜਕੀ ਨਾਲ ਛੇੜਛਾੜ ਤੇ ਇੱਜਤ ਉਤੇ ਹਮਲਾ ਕੀਤੇ ਜਾਣ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਪਰਿਵਾਰ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਗੁਆਂਢ ਰਹਿੰਦੇ ਜਸ਼ਨ ਨਾਂ ਦੇ ਵਿਅਕਤੀ ਦੇ ਵਿਰੁੱਧ ਗੰਭੀਰ ਦੋਸ਼ ਲਗਾਏ ਹਨ ਅਤੇ ਪੰਜਾਬ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ 4 ਜੂਨ ਨੂੰ ਉਹ ਖੇਤ ਵਿੱਚ ਕੰਮ ਕਰ ਰਹੇ ਸਨ, ਜਦਕਿ ਉਸ ਦੀ ਵੱਡੀ ਧੀ ਅਤੇ ਪੁੱਤਰ ਫਿਰੋਜ਼ਪੁਰ ਵਿਖੇ ਪੜ੍ਹਾਈ ਲਈ ਗਏ ਹੋਏ ਸਨ। ਉਸ ਦੀ ਪਤਨੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਦੇ ਭੋਗ ਸਮਾਗਮ ਵਿੱਚ ਗਈ ਹੋਈ ਸੀ। ਇਸ ਦੌਰਾਨ ਘਰ ਵਿੱਚ ਮੌਜੂਦ ਨਾਬਾਲਿਗ ਧੀ ਸੁੱਤੀ ਹੋਈ ਸੀ। ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ ਕਿ ਗੁਆਂਢੀ ਵਿਅਕਤੀ ਜਸ਼ਨ ਦੁਪਹਿਰ ਸਮੇਂ ਕੋਠੇ ਰਾਹੀਂ ਘਰ ਵਿਚ ਦਾਖਲ ਹੋਇਆ ਅਤੇ ਸੁੱਤੀ ਹੋਈ ਨਾਬਾਲਿਗ ਲੜਕੀ ਦੀ ਇੱਜਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਵਲੋਂ ਵਿਰੋਧ ਕੀਤਾ ਗਿਆ ਤਾਂ ਉਸ ਨੂੰ ਕੁੱਟਿਆ ਗਿਆ ਅਤੇ ਕੱਪੜੇ ਵੀ ਪਾੜੇ ਗਏ। ਜਸ਼ਨ ਵਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦੌਰਾਨ ਲੜਕੀ ਨੇ ਰੋਲਾ ਪਾਇਆ, ਜਿਸ ਕਾਰਨ ਨੇੜਲੇ ਘਰਾਂ ਦੇ ਲੋਕ ਮੌਕੇ ਤੇ ਪਹੁੰਚੇ। ਇਹ ਦੇਖ ਕੇ ਜਸ਼ਨ ਕੋਠੇ ਟੱਪ ਕੇ ਭੱਜ ਗਿਆ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਲੜਕੀ ਡਿਪਰੈਸ਼ਨ ਵਿੱਚ ਹੈ ਅਤੇ ਉਸ ਦੀ ਮਨੋਸਥਿਤੀ ਕਾਫੀ ਨਾਜ਼ੁਕ ਹੈ। ਪਰਿਵਾਰ ਨੇ ਥਾਣਾ ਆਰਿਫ ਕੇ ਪੁਲਿਸ ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹੋਏ ਦੋਸ਼ ਲਗਾਇਆ ਕਿ ਥਾਣਾ ਆਰਿਫ਼ ਕੇ ਦੀ ਪੁਲਿਸ ਵਲੋਂ ਉਨ੍ਹਾਂ ਦੀ ਸ਼ਿਕਾਇਤ ਦੀ ਗੰਭੀਰਤਾ ਨਾਲ ਜਾਂਚ ਨਹੀਂ ਕੀਤੀ ਗਈ। ਉਧਰ ਇਸ ਸਬੰਧੀ ਪੱਖ ਪੁੱਛੇ ਜਾਣ ’ਤੇ ਡੀਐੱਸਪੀ ਸ਼ਹਿਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਾਰੇ ਮਾਮਲੇ ਸਬੰਧੀ ਆਰਿਫ ਦੇ ਥਾਣੇ ਤੋਂ ਰਿਪੋਰਟ ਮੰਗਵਾਈ ਹੈ। ਮਾਮਲੇ ਸਬੰਧੀ ਮੁੱਢਲੀ ਜਾਂਚ ਮਗਰੋਂ ਹੀ ਕਾਰਵਾਈ ਹੋਵੇਗੀ।

Related Articles

Leave a Reply

Your email address will not be published. Required fields are marked *

Back to top button