
ਅੰਮ੍ਰਿਤਸਰ, 7 ਜੂਨ : ਬੀਐੱਸਐੱਫ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਵਿਦੇਸ਼ੀ ਹਥਿਆਰਾਂ ਦੀ ਤਸਕਰੀ ’ਚ ਸ਼ਾਮਲ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਛੇ ਵਿਦੇਸ਼ੀ ਪਿਸਤੌਲ ਤੇ ਛੇ ਮੈਗਜ਼ੀਨ ਬਰਾਮਦ ਕੀਤੇ ਗਏ ਹਨ ਤੇ ਕੇਸ ਦਰਜ ਕੀਤਾ ਗਿਆ ਹੈ। ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀਐੱਸਐੱਫ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਦਿਨੇਸ਼ ਕੁਮਾਰ ਉਰਫ ਨੀਸ਼ੂ ਵਾਸੀ ਛੇਹਰਟਾ, ਪਰਮਜੀਤ ਸਿੰਘ ਉਰਫ ਪੰਮਾ ਵਾਸੀ ਘਣੂੰਪੁਰ ਕਾਲੇ ਤੇ ਰਾਜਨ ਉਰਫ ਰਾਜਾ ਹਥਿਆਰਾਂ ਦੀ ਤਸਕਰੀ ਕਰ ਰਹੇ ਹਨ। ਸੂਚਨਾ ਮਿਲੀ ਸੀ ਕਿ ਮੁਲਜ਼ਮ ਖਾਲਸਾ ਕਾਲਜ ਨੇੜੇ ਹਥਿਆਰਾਂ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ। ਇਸ ਅਧਾਰ ’ਤੇ ਪੁਲਿਸ ਨੇ ਨਾਕਾਬੰਦੀ ਕਰਕੇ ਤਿੰਨਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਛੇ ਵਿਦੇਸ਼ੀ ਪਿਸਤੌਲ ਤੇ ਛੇ ਮੈਗਜ਼ੀਨ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਹਥਿਆਰਾਂ ਦੀ ਤਸਕਰੀ ਦੇ ਦੋਸ਼ ’ਚ ਗੋਇੰਦਵਾਲ ਜੇਲ੍ਹ ’ਚ ਪਹਿਲਾਂ ਹੀ ਬੰਦ ਜੁਗਰਾਜ ਸਿੰਘ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ। ਉਸ ਦੇ ਨਿਰਦੇਸ਼ਾਂ ’ਤੇ ਉਨ੍ਹਾਂ ਨੇ ਹਥਿਆਰਾਂ ਦੀ ਇਹ ਖੇਪ ਬਰਾਮਦ ਕੀਤੀ ਤੇ ਹੁਣ ਇਸ ਨੂੰ ਅੱਗੇ ਸਪਲਾਈ ਕਰਨ ਜਾ ਰਹੇ ਸਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਨ ਉਰਫ ਰਾਜਾ ਇਕ ਵਕੀਲ ਕੋਲ ਕਲਰਕ ਵਜੋਂ ਕੰਮ ਕਰਦਾ ਹੈ।



