
ਕਪੂਰਥਲਾ, 7 ਜੂਨ : ਇੱਥੋਂ ਦੀ ਪਾਸ਼ ਕਾਲੋਨੀ ਗੋਪਾਲ ਪਾਰਕ ’ਚ ਇਕ ਬੰਦ ਘਰ ਨੂੰ ਚੋਰੀ ਕਰਨ ਵਾਲਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਲਗਭਗ 70 ਤੋਂ 80 ਹਜ਼ਾਰ ਰੁਪਏ ਦੀ ਨਕਦ ਤੇ 2 ਤੋਲਾ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਣ ਤੇ ਪਰਿਵਾਰ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਪੀਸੀਆਰ ਟੀਮ ਦੇ ਏਐੱਸਆਈ ਬਲਵਿੰਦਰ ਸਿੰਘ ਤੇ ਏਐੱਸਆਈ ਕੁਲਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਲਿਖਤੀ ਸ਼ਿਕਾਇਤ ਵੀ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਸੰਦੀਪ ਕੁਮਾਰ ਪੁੱਤਰ ਕੀਮਤੀ ਲਾਲ ਵਾਸੀ ਗੋਪਾਲ ਪਾਰਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਵੇਰੇ ਰੋਜ਼ ਵਾਂਗ ਕੰਮ ਤੇ ਚਲਾ ਗਿਆ ਸੀ। ਜਦੋਂ ਪਰਿਵਾਰ ਦੇ ਹੋਰ ਮੈਂਬਰ ਕਿਸੇ ਕੰਮ ਦੇ ਸਿਲਸਿਲੇ ’ਚ ਨਵੀਂ ਕਚਹਿਰੀ ਗਏ ਹੋਏ ਸਨ। ਜਦੋਂ ਉਹ ਵਾਪਸ ਕਰੀਬ 10:30 ਵਜੇ ਘਰ ਵਾਪਸ ਆਏ ਤੇ ਮੇਨ ਗੇਟ ਦਾ ਦਰਵਾਜ਼ਾ ਖੋਲ੍ਹਣ ਲੱਗੇ, ਤਾਂ ਉਨ੍ਹਾਂ ਵੇਖਿਆ ਕਿ ਇਕ ਨੌਜਵਾਨ ਘਰ ਦੇ ਅੰਦਰ ਖੜ੍ਹਾ ਸੀ। ਫਿਰ ਉਨ੍ਹਾਂ ਚੋਰ ਚੋਰ ਕਹਿ ਕੇ ਰੌਲਾ ਪਾ ਦਿੱਤਾ। ਇਸ ਦੌਰਾਨ ਚੋਰ ਘਬਰਾ ਗਿਆ ਅਤੇ ਘਰ ਦੀ ਛੱਤ ’ਤੇ ਜਾ ਚੜ੍ਹਿਆ ਤੇ ਘਰ ਦੇ ਪਿੱਛੇ ਲੱਗੇ ਇਕ ਰੁੱਖ ਦੀ ਮਦਦ ਨਾਲ ਹੇਠਾਂ ਪਿੱਛੇ ਦੇ ਰਸਤੇ ਫ਼ਰਾਰ ਹੋ ਗਿਆ। ਲੋਕਾਂ ਨੇ ਘਰ ਦੇ ਪਿੱਛੇ ਜਾ ਕੇ ਚੋਰ ਦਾ ਪਿੱਛਾ ਕਰਨ ਦਾ ਵੀ ਯਤਨ ਕੀਤਾ ਪਰ ਉਹ ਹੱਥ ਨਹੀਂ ਆਇਆ। ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਰ ਦੇ ਅੰਦਰ ਜਾਕੇ ਦੇਖਿਆ ਤਾਂ ਘਰ ਵਿੱਚ ਸਾਰਾ ਸਾਮਾਨ ਖਿੱਲਿਰਆ ਪਿਆ ਸੀ। ਮੁੱਢਲੀ ਜਾਂਚ ’ਚ ਅਲਮਾਰੀ ਵਿੱਚ ਰੱਖੀ ਕਰੀਬ 40-50 ਹਜ਼ਾਰ ਦੀ ਨਕਦੀ ਅਤੇ ਗੋਲਕ ’ਚ ਪਈ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਅਤੇ 2 ਤੋਲੇ ਸੋਨਾ ਚੋਰੀ ਹੋ ਚੁੱਕਾ ਸੀ। ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਪੀਸੀਆਰ ਟੀਮ ਦੇ ਏਐੱਸਆਈ ਬਲਵਿੰਦਰ ਸਿੰਘ ਤੇ ਏਐੱਸਆਈ ਕੁਲਦੀਪ ਸਿੰਘ ਮੌਕੇ ਤੇ ਪੁੱਜੇ। ਪਰਿਵਾਰ ਤੋਂ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿਸ ਤੋਂ ਬਾਅਦ ਪੀਸੀਆਰ ਮੁਲਾਜ਼ਮ ਘਰ ਦੇ ਪਿਛਲੇ ਪਾਸੇ ਲੋਕਾਂ ਦੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਲੱਗੇ। ਪਰ ਹੁਣ ਤੱਕ ਚੋਰ ਦਾ ਕੋਈ ਸੁਰਾਗ ਨਹੀਂ ਮਿਲਿਆ। ਪੀੜਤ ਪਰਿਵਾਰ ਨੇ ਚੋਰੀ ਬਾਰੇ ਲਿਖਤੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਵੀ ਦੇ ਦਿੱਤੀ ਹੈ। ਪੁਲਿਸ ਚੋਰ ਦੀ ਭਾਲ ਕਰ ਰਹੀ ਹੈ।



