
ਲੁਧਿਆਣਾ, 4 ਜੂਨ : ਥਾਣਾ ਦੁੱਗਰੀ ਦੀ ਪੁਲਿਸ ਨੇ ਬੈਂਕ ਦੇ ਗ੍ਰਾਹਕ ਦੀ ਸ਼ਿਕਾਇਤ ‘ਤੇ ਇੰਡਸਿੰਡ ਬੈਂਕ ਅਤੇ ਯੈਸ ਬੈਂਕ ਦੇ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਏਐਫਆਈ ਆਰ ਵਿਸ਼ਾਲ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵੜੈਚ ਦੀ ਸ਼ਿਕਾਇਤ ‘ਤੇ ਦਰਜ ਕੀਤੀ ਹੈ। ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਸਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਸਾਲ 2023 ਵਿੱਚ ਯਸ ਬੈਂਕ ਦੇ ਮੈਨੇਜਰ ਸ਼ਾਮ ਲਾਲ ਨੇ ਉਨ੍ਹਾਂ ਨੂੰ ਇਹ ਆਖਿਆ ਕਿ ਜੇਕਰ ਉਹ ਖਾਤੇ ਵਿੱਚ ਦੋ ਕਰੋੜ 40 ਲੱਖ ਰੁਪਏ ਕੈਸ਼ ਬਿਨਾਂ ਟੀਡੀਐਸ ਕੱਟੇ ਜਮਾ ਕਰਵਾ ਸਕਦੇ। ਇਹ ਲਾਲਚ ਦੇ ਕੇ ਸ਼ਾਮ ਲਾਲ ਨੇ ਜਸਵਿੰਦਰ ਸਿੰਘ ਦਾ ਖਾਤਾ ਖੁਲਵਾ ਦਿੱਤਾ। ਕੁਝ ਦਿਨਾਂ ਬਾਅਦ ਖਾਤੇ ‘ਚੋਂ 2000 ਰੁਪਏ ਨਜਾਇਜ਼ ਤੌਰ ‘ਤੇ ਕੱਟੇ ਗਏ। ਇਸ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਤਕਰਾਰ ਹੋਈ। ਕੁਝ ਦਿਨਾਂ ਬਾਅਦ ਮੈਨੇਜਰ ਨੇ ਖਾਤੇ ਵਿੱਚ 2000 ਰੁਪਏ ਦੀ ਰਕਮ ਜਮ੍ਹਾ ਕਰਵਾ ਦਿੱਤੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦੀਆਂ ਰਿਟਰਨਾਂ ਖੁਰਦ ਬੁਰਦ ਕਰਕੇ ਖਾਤੇ ਵਿੱਚੋਂ ਇਕ ਲੱਖ ਰੁਪਏ ਦਾ ਟੀਡੀਐਸ ਕੱਟਿਆ ਗਿਆ। ਇੰਨਾ ਹੀ ਨਹੀਂ ਸ਼ਿਕਾਇਤ ਕਰਤਾ ਦਾ ਖਾਤਾ ਪੰਜ ਮਹੀਨੇ ਤੱਕ ਬੰਦ ਕਰ ਦਿੱਤਾ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਕੀਤੀ ਅਤੇ ਜਸਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਇੰਡ ਸਿੰਡ ਬੈਂਕ ਦੇ ਬਰਾਂਚ ਮੈਨੇਜਰ ਵਿਕਰਾਂਤ, ਬ੍ਰਾਂਚ ਮੈਨੇਜਰ ਨਿਤਿਨ ਗੋਇਲ ਅਤੇ ਯੈੱਸ ਬੈਂਕ ਦੇ ਬਰਾਂਚ ਮੈਨੇਜਰ ਸ਼ਾਮ ਲਾਲ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।



