
ਭਿੱਖੀਵਿੰਡ, 2 ਜੂਨ : ਭਿੱਖੀਵਿੰਡ ਦੇ ਅੰਮ੍ਰਿਤਸਰ ਰੋਡ ’ਤੇ ਸਥਿਤ ਰਾਜਬੀਰ ਜਿਊਲਰ ਨਾਂ ਦੀ ਦੁਕਾਨ ’ਤੇ 3 ਜਨਵਰੀ ਦੀ ਰਾਤ ਨੂੰ ਹੋਈ ਚੋਰੀ, ਜਿਸ ’ਚ ਨਕਾਬਪੋਸ਼ ਨੌਜਵਾਨ ਦੁਕਾਨ ’ਚੋਂ ਸੋਨੇ ਦੀ ਤਿਜੋਰੀ ਹੀ ਪੁੱਟ ਕੇ ਲੈ ਗਏ ਸਨ। ਉਕਤ ਘਟਨਾ ਸਬੰਧੀ ਬੇਸ਼ੱਕ ਭਿੱਖੀਵਿੰਡ ਪੁਲਿਸ ਨੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਮਾਮਲਾ ਤਾਂ ਦਰਜ ਕਰ ਲਿਆ ਪਰ ਅਜੇ ਤੱਕ ਪੁਲਿਸ ਦੇ ਹੱਥ ਨਾ ਤਾਂ ਉਕਤ ਨੌਜਵਾਨ ਲੱਗੇ ਹਨ ਅਤੇ ਨਾ ਹੀ ਸੋਨਾ ਤੇ ਤਿਜੋਰੀ ਹਾਸਲ ਹੋਈ ਹੈ। ਉੱਧਰ ਜਦੋਂ ਕਈ ਵਾਰ ਇਸ ਮਾਮਲੇ ’ਚ ਪੀੜਤ ਦੁਕਾਨਦਾਰ ਵੱਲੋਂ ਥਾਣਾ ਭਿੱਖੀਵਿੰਡ ਦੇ ਮੁਖੀ ਨੂੰ ਚੋਰ ਫੜਨ ਲਈ ਕਿਹਾ ਜਾਂਦਾ ਤਾਂ ਹਰ ਵਾਰ ਹੀ ਥਾਣਾ ਮੁਖੀ ਪੀੜਤ ਦੁਕਾਨਦਾਰ ਨੂੰ ਲਾਰਾ ਲਾ ਦਿੰਦੇ। ਹਾਲਾਂਕਿ ਜੇਕਰ ਭਿੱਖੀਵਿੰਡ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੂੰ ਪੈਟਰੋਲਿੰਗ ਲਈ ਮਿਲੀਆਂ ਗੱਡੀਆਂ ਤੇ ਮੋਟਰਸਾਈਕਲ ਹੋਣ ਦੇ ਬਾਵਜੂਦ ਅਜਿਹੀਆਂ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਰਾਜਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਹੋਈ ਚੋਰੀ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ। ਪਰ ਭਿੱਖੀਵਿੰਡ ਪੁਲਿਸ ਇਸ ਮਾਮਲੇ ’ਚ ਕੋਈ ਵੀ ਠੋਸ ਕਾਰਵਾਈ ਕਰਦੀ ਨਜ਼ਰ ਨਹੀਂ ਆਈ। ਹਰ ਵਾਰ ਹੀ ਥਾਣਾ ਮੁਖੀ ਵੱਲੋਂ ਉਨ੍ਹਾਂ ਨੂੰ ਟਾਲ-ਮਟੋਲ ਕਰ ਦਿੱਤਾ ਜਾਂਦਾ ਹੈ। ਰਾਜਬੀਰ ਸਿੰਘ ਨੇ ਅੱਗੇ ਕਿਹਾ ਕਿ ਤਕਰੀਬਨ 9 ਤੋਲੇ ਸੋਨਾ ਤੇ ਕੁਝ ਚਾਂਦੀ ਨੌਜਵਾਨ ਉਸ ਦੀ ਦੁਕਾਨ ਤੋਂ ਲੁੱਟ ਕੇ ਲੈ ਗਏ ਸਨ। ਪੁਲਿਸ ਵੱਲੋਂ ਨਾ ਤਾਂ ਸੋਨਾ ਬਰਾਮਦ ਕੀਤਾ ਗਿਆ ਹੈ ਤੇ ਨਾ ਹੀ ਚਾਂਦੀ ਸਮੇਤ ਦੁਕਾਨ ਦੀ ਤਿਜੋਰੀ। ਪੀੜਤ ਨੇ ਦੱਸਿਆ ਕਿ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਿਸ ਵੱਲੋਂ ਉਨ੍ਹਾਂ ਦੇ ਚੋਰਾਂ ਨੂੰ ਨਹੀਂ ਫੜਿਆ ਗਿਆ ਹੈ ਤੇ ਨਾ ਹੀ ਦਰਜ ਕੀਤੇ ਕੇਸ ਦੀ ਤਫ਼ਤੀਸ਼ ਕਿੱਥੋਂ ਤੱਕ ਪਹੁੰਚੀ, ਉਸ ਬਾਰੇ ਦੱਸਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ, ਜ਼ਿਲ੍ਹੇ ਦੇ ਐੱਸਐੱਸਪੀ ਅਤੇ ਉੱਚ ਅਧਿਕਾਰੀਆਂ ਪਾਸੋਂ ਪੀੜਤ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਕੇ ਜਲਦ ਤੋਂ ਜਲਦ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਹੈ, ਉੱਥੇ ਹੀ ਉਸ ਨੇ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਚੋਰਾਂ ਨੂੰ ਨਾ ਫੜਿਆ ਗਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਭਿੱਖੀਵਿੰਡ ਦੇ ਚੌਕ ’ਚ ਭੁੱਖ ਹੜਤਾਲ ’ਤੇ ਬੈਠੇਗਾ। ਜਿਸ ਦੀ ਜ਼ਿੰਮੇਵਾਰ ਥਾਣਾ ਭਿੱਖੀਵਿੰਡ ਪੁਲਿਸ ਹੋਵੇਗੀ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਹਰਪ੍ਰੀਤ ਸਿੰਘ ਹੈਪੀ, ਹੁਸਨਪ੍ਰੀਤ ਸਿੰਘ ਹੁਸਨ, ਹਰਪਾਲ ਸਿੰਘ ਭਾਲਾ ਨਾਮਕ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਸਿਰਫ ਦੋ ਐੱਲਸੀਡੀ ਹੀ ਬਰਾਮਦ ਕੀਤੀਆਂ ਗਈਆਂ ਸਨ। ਹਾਲਾਂਕਿ ਜੇਕਰ ਇਹ ਤਿੰਨੇ ਵਿਅਕਤੀ ਅਸਲ ਚੋਰ ਹੁੰਦੇ ਤਾਂ ਇਨ੍ਹਾਂ ਕੋਲੋਂ ਸੋਨਾ ਚਾਂਦੀ ਨਕਦੀ ਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਸਕਦਾ ਸੀ। ਪਰ ਪੁਲਿਸ ਵੱਲੋਂ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਹੈ। ਜਿਸ ਜਿੰਨਾਂ ਪਾਸੋਂ ਕੁੱਝ ਵੀ ਬਰਾਮਦ ਨਾ ਹੋਣਾ ਮਾਮਲੇ ਨੂੰ ਸ਼ੱਕੀ ਦਰਸਾਉਂਦਾ ਹੈ।
ਮਾਮਲੇ ਦੀ ਜਾਂਚ ਜਾਰੀ : ਡੀਐੱਸਪੀ ਚੋਰੀ ਦੇ ਮਾਮਲੇ ਬਾਰੇ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਨਾਲ ਜੁੜੇ ਚੌਥੇ ਜਣੇ ਵੱਲੋਂ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਨ ਕਾਰਨ ਤਫ਼ਤੀਸ਼ ਰੁਕੀ ਹੋਈ ਹੈ। ਡੀਐੱਸਪੀ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਬਣਦੀ ਕਾਰਵਾਈ ਕਰ ਕੇ ਪੀੜਤ ਨੂੰ ਇਨਸਾਫ਼ ਦਵਾਇਆ ਜਾਵੇਗਾ।



