Punjab

ਤਖਤ ਸ੍ਰੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਸੁਖਬੀਰ ਬਾਦਲ ਲਈ ਜਾਰੀ ਕੀਤਾ ਫੁਰਮਾਨ, 10 ਜੂਨ ਤੱਕ ਪੇਸ਼ ਹੋਣ ਲਈ ਕਿਹਾ

ਅੰਮ੍ਰਿਤਸਰ, 2 ਜੂਨ : ਸ਼੍ਰੀ ਅਕਾਲ ਤਖਤ ਸਾਹਿਬ ਤੋਂ 21 ਮਈ ਨੂੰ ਹੋਏ ਆਦੇਸ਼ਾਂ ਤੋਂ ਬਾਅਦ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਨੇ ਵੀ ਇਕੱਤਰਤਾ ਕਰਕੇ ਆਦੇਸ਼ ਜਾਰੀ ਕਰਦਿਆਂ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਨੂੰ ਤਨਖਾਹੀਆ ਕਰਾਰ ਦਿੱਤਾ , ਉਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਦਸਾਂ ਦਿਨਾਂ ਅੰਦਰ ਪਟਨਾ ਸਾਹਿਬ ਵਿਖੇ ਪੰਜਾਂ ਪਿਆਰਿਆਂ ਸਾਹਮਣੇ ਪੇਸ਼ ਹੋਣ ਦਾ ਫੁਰਮਾਨ ਵੀ ਸੁਣਾਇਆ ਸੀ। 10 ਦਿਨ ਬੀਤ ਜਾਣ ਤੇ ਸੁਖਬੀਰ ਸਿੰਘ ਬਾਦਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਅੱਗੇ ਪੇਸ਼ ਨਹੀਂ ਹੋਏ। ਉਸ ਤੋਂ ਬਾਅਦ ਪੰਜਾਂ ਪਿਆਰਿਆਂ ਨੇ ਇਕੱਤਰਤਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ 10 ਜੂਨ ਤੱਕ ਆਖਰੀ ਸਮਾਂ ਦਿੱਤਾ ਹੈ, ਪੰਜਾਂ ਪਿਆਰਿਆਂ ਨੇ ਆਪਣੇ ਆਦੇਸ਼ ਵਿੱਚ ਲਿਖਿਆ ਕੀ ਘੱਲੂਘਾਰਾ ਸ਼ਹੀਦੀ ਸਮਾਗਮਾਂ ਕਾਰਨ ਸੁਖਬੀਰ ਸਿੰਘ ਬਾਦਲ ਨੂੰ 10 ਦਿਨ ਦਾ ਇੱਕ ਅੰਤਿਮ ਸਮਾਂ ਦੇਣ ਦੀ ਸਹਿਮਤੀ ਬਣੀ ਹੈ। ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਅੰਤਿਮ ਮੌਕਾ ਦਿੰਦੇ ਹੋਏ 10 ਜੂਨ ਤੱਕ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੇ ਸਾਹਮਣੇ ਨਿੱਜੀ ਰੂਪ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਆਦੇਸ਼ ਦਿੱਤਾ ਹੈ। ਆਦੇਸ਼ ਦੀ ਉਲੰਘਣਾ ਹੋਣ ਤੇ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਂ ਪਿਆਰਿਆਂ ਵਿੱਚ ਜਥੇਦਾਰ ਤੇ ਹੈਡ ਗ੍ਰੰਥੀ ਭਾਈ ਬਲਦੇਵ ਸਿੰਘ, ਐਡੀਸ਼ਨਲ ਹੈਡ ਗ੍ਰੰਥੀ ਭਾਈ ਦਲੀਪ ਸਿੰਘ, ਐਡੀਸ਼ਨਲ ਹੈਡ ਗ੍ਰੰਥੀ ਭਾਈ ਗੁਰਦਿਆਲ ਸਿੰਘ, ਮੀਤ ਗ੍ਰੰਥੀ ਭਾਈ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰਥੀ ਭਾਈ ਅਮਰਜੀਤ ਸਿੰਘ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button