ਅੱਤ ਦੀ ਗਰਮੀ ’ਤੇ ਸ਼ਰਧਾ ਰਹੀ ਭਾਰੂ, ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਤਰਨਤਾਰਨ, 31 ਮਈ: ਸ੍ਰੀ ਗੁਰੂ ਅਰਜਨ ਦੇਵ ਜੀ ਦੇ 419ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੰਗਤ ਦਾ ਸੈਲਾਬ ਵੇਖਣ ਨੂੰ ਮਿਲਿਆ। ਅੱਤ ਦੀ ਗਰਮੀ ’ਤੇ ਸ਼ਰਧਾ ਜਿਥੇ ਭਾਰੀ ਦਿਖਾਈ ਦਿੱਤੀ, ਉਥੇ ਹੀ ਸਾਰਾ ਦਿਨ ਵੱਡੀ ਗਿਣਤੀ ’ਚ ਸੰਗਤ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੀ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸੀਸ ਨਿਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਧਾਰਮਿਕ ਸਭਾ ਸੁਸਾਇਟੀਆਂ ਦੇ ਨਾਲ-ਨਾਲ ਸ਼ਹਿਰ ਦੀ ਹੋਰ ਸੰਗਤ ਵੱਲੋਂ ਵੀ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਲਗਾ ਕੇ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਤੱਪਦੀ ਗਰਮੀ ਤੋਂ ਰਾਹਤ ਦਿਵਾਈ। ਦੱਸ ਦੇਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਬੇਸ਼ੱਕ ਲਾਹੌਰ ਪਾਕਿਸਤਾਨ ’ਚ ਹੈ ਪਰ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਉਨ੍ਹਾਂ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ ਅਤੇ ਸੰਗਤ ਦੂਰੋਂ-ਦੂਰੋਂ ਇਥੇ ਪਹੁੰਚਦੀ ਹੈ। ਏਸ਼ੀਆ ਦੇ ਸਭ ਤੋਂ ਵੱਡੇ ਧਾਰਮਿਕ ਸਰੋਵਰ ਵਜੋਂ ਜਾਣੇ ਜਾਂਦੇ ਪਵਿੱਤਰ ਸਰੋਵਰ ’ਚ ਸੰਗਤ ਇਸ਼ਨਾਨ ਕਰਨ ਉਪਰੰਤ ਗੁਰੂ ਘਰ ਅੰਦਰ ਸੀਸ ਨਿਵਾ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ 400 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਹੀ ਤਰਨਤਾਰਨ ਨੂੰ ਮਾਲੀ ਜ਼ਿਲ੍ਹੇ ਦਾ ਰੁਤਬਾ ਹਾਸਲ ਹੋਇਆ ਸੀ। ਇਸ ਵਾਰ 419ਵਾਂ ਸ਼ਹੀਦੀ ਦਿਹਾੜਾ ਇਥੇ ਮਨਾਇਆ ਗਿਆ ਅਤੇ ਗੁਰੂ ਘਰ ਵੱਲ ਜਾਂਦੇ ਹਰ ਰਸਤੇ ’ਤੇ ਸੰਗਤ ਤੇ ਛਬੀਲਾਂ ਦਿਖਾਈ ਦਿੱਤੀਆਂ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਦਿਹਾੜੇ ਇਸ ਅਸਥਾਨ ਉੱਪਰ ਬਹੁਤ ਵੱਡੇ ਪੱਧਰ ’ਤੇ ਮਨਾਏ ਜਾਂਦੇ ਹਨ ਅਤੇ ਸੰਗਤ ਵੀ ਲੱਖਾਂ ਦੀ ਗਿਣਤੀ ਵਿਚ ਇਥੇ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਿਪਤ ਨਗਰ ਕੀਰਤਨ ਸਜਾਇਆ ਗਿਆ ਅਤੇ ਗੁਰਮਤਿ ਸਮਾਗਮ ਵੀ ਦੀਵਾਨ ਹਾਲ ਵਿਚ ਕਰਵਾਏ ਗਏ ਹਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਹੋਰਾਂ ਨੇ ਸੰਗਤ ਨੂੰ ਸੰਦੇਸ਼ ਦਿੱਤਾ ਕਿ ਛਬੀਲਾਂ ਦੀ ਸੇਵਾ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਆਪਣੇ ਬੱਚਿਆਂ ਨੂੰ ਪਤਿਤਪੁਣੇ ਤੋਂ ਰੋਕਣ ਦੇ ਉਪਰਾਲੇ ਵੀ ਕਰਨ ਦੀ ਲੋੜ ਹੈ।



