Punjab

ਪਿਤਾ ਦੇ ਅੱਤਿਆਚਾਰਾਂ ਤੋਂ ਤੰਗ ਆਈਆਂ ਕੁੜੀਆਂ ਨੂੰ ਚੰਡੀਗੜ੍ਹ ਤੋਂ ਸੁਰੱਖਿਅਤ ਵਾਪਸ ਲਿਆਂਦਾ

ਖੰਨਾ, 31 ਮਈ:  ਖੰਨਾ ਦੇ ਗਲਵੱਢੀ ਇਲਾਕੇ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਗ ਕੁੜੀਆਂ — ਭੈਣਾਂ ਅਤੇ ਉਨ੍ਹਾਂ ਦੀ ਸਹੇਲੀ ਨੂੰ ਚੰਡੀਗੜ੍ਹ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਇਨ੍ਹਾਂ ਕੁੜੀਆਂ ਦੇ ਅਚਾਨਕ ਗਾਇਬ ਹੋਣ ਨਾਲ ਇਲਾਕੇ ’ਚ ਚਿੰਤਾ ਦੀ ਲਹਿਰ ਦੌੜ ਗਈ ਸੀ ਤੇ ਪਰਿਵਾਰਿਕ ਮੈਂਬਰ ਗਹਿਰੀ ਪਰੇਸ਼ਾਨੀ ’ਚ ਚਲੇ ਗਏ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਅੰਜਲੀ ਅਤੇ ਨੰਦਿਨੀ ਆਪਣੇ ਪਿਤਾ ਭਾਗੀਰਥ ਦੀ ਸ਼ਰਾਬਖੋਰੀ ਅਤੇ ਹਿੰਸਕ ਵਿਵਹਾਰ ਤੋਂ ਤੰਗ ਆ ਚੁੱਕੀਆਂ ਸਨ। ਪਿਤਾ ਨਾ ਕੇਵਲ ਉਨ੍ਹਾਂ ਨੂੰ ਮਾਰਦਾ ਸੀ, ਸਗੋਂ ਪੜ੍ਹਾਈ ਤੋਂ ਵੀ ਰੋਕਦਾ ਸੀ। ਇਸ ਦੁੱਖਦਾਈ ਮਾਹੌਲ ਤੋਂ ਬਚਣ ਲਈ, ਦੋਵਾਂ ਨੇ ਆਪਣੀ ਦੋਸਤ ਮਮਤਾ ਨਾਲ ਮਿਲ ਕੇ ਘਰ ਛੱਡਣ ਦਾ ਫੈਸਲਾ ਕੀਤਾ। ਜਿਵੇਂ ਹੀ ਲਾਪਤਾ ਹੋਣ ਦੀ ਸੂਚਨਾ ਮਿਲੀ, ਖੰਨਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ। ਇਹ ਤਸਵੀਰਾਂ ਚੰਡੀਗੜ੍ਹ ਪੁਲਿਸ ਦੀ ਨਜ਼ਰ ’ਚ ਆਈਆਂ, ਜਿਨ੍ਹਾਂ ਨੇ ਤਿੰਨਾਂ ਕੁੜੀਆਂ ਲੱਭ ਕੇ ਐਨਜੀਓ “ਆਸ਼ਿਆਨਾ ਬਿਲਡਿੰਗ”, ਸੈਕਟਰ 15 ਸੀ, ਚੰਡੀਗੜ੍ਹ ਹਵਾਲੇ ਕੀਤੇ। ਇਥੋਂ ਖੰਨਾ ਪੁਲਿਸ ਲੈ ਕੇ ਆਈ। ਖੰਨਾ ਪੁਲਿਸ ਦੀ ਟੀਮ ਨੇ ਚੰਡੀਗੜ੍ਹ ਜਾ ਕੇ ਕੁੜੀਆਂ ਨੂੰ ਸੁਰੱਖਿਅਤ ਤੌਰ ’ਤੇ ਵਾਪਸ ਲਿਆ ਕੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ। ਐਸਪੀ (ਆਈ) ਪਵਨਜੀਤ ਨੇ ਪੁਲਿਸ ਦੀ ਤਫ਼ਤੀਸ਼ੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਪੁਲਿਸ ਲਈ ਇੱਕ ਤਰਜੀਹ ਸੀ, ਜਿਸਨੂੰ ਪੂਰੀ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਨਾਲ ਨਿਭਾਇਆ ਗਿਆ। ਇਸ ਦੇ ਨਾਲ ਹੀ ਪਿਤਾ ਭਾਗੀਰਥ ਨੂੰ ਚੇਤਾਵਨੀ ਦਿੱਤੀ ਗਈ ਤੇ ਉਸ ਦੀ ਕਾਉਂਸਲਿੰਗ ਕਰਵਾਈ ਗਈ। ਪੁਲਿਸ ਨੇ ਸਾਫ ਕੀਤਾ ਕਿ ਜੇਕਰ ਮੁੜ ਕੋਈ ਹਿੰਸਾ ਹੋਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧੀਆਂ ਦੀ ਵਾਪਸੀ ਨਾਲ ਭਾਵੁਕ ਹੋਏ ਮਮਤਾ ਦੀ ਮਾਂ ਰੇਖਾ ਤੇ ਭਾਗੀਰਥ ਨੇ ਖੰਨਾ ਪੁਲਿਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਉਪਕਾਰ ਉਹ ਕਦੇ ਨਹੀਂ ਭੁੱਲ ਸਕਦੇ।

Related Articles

Leave a Reply

Your email address will not be published. Required fields are marked *

Back to top button