ਪਾਕਿਸਤਾਨ ’ਚ ਹਿੰਦੂ ਔਰਤ ਨੂੰ ਅਗਵਾ ਕਰਨ ਮਗਰੋਂ ਜਬਰੀ ਮੁਸਲਮਾਨ ਨਾਲ ਕੀਤਾ ਗਿਆ ਨਿਕਾਹ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ

ਕਰਾਚੀ, 29 ਮਈ- ਪਾਕਿਸਤਾਨ ’ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਇਕ ਔਰਤ ਨੂੰ ਅਗਵਾ ਕਰ ਕੇ ਜਬਰਦਸਤੀ ਉਸ ਨੂੰ ਇਸਲਾਮ ਕਬੂਲ ਕਰਵਾ ਕੇ ਇਕ ਮੁਸਲਮਾਨ ਨਾਲ ਨਿਕਾਹ ਕਰਾ ਦਿੱਤਾ ਗਿਆ। ਅਗਵਾ ਔਰਤ ਦੇ ਪਰਿਵਾਰ ਨੇ ਸਰਕਾਰ ਤੇ ਅਧਿਕਾਰੀਆਂ ਨੂੰ ਆਪਣੀ ਪਤਨੀ ਨੂੰ ਛੁਡਾਉਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਔਰਤ ਦੇ ਪਤੀ ਤੇ ਉਨ੍ਹਾਂ ਦੇ ਚਾਰ ਬੱਚੇ ਮੀਰਪੁਰਖਾਸ ’ਚ ਦਾਰਾਵਰ ਇੱਤੇਹਾਦ ਪਾਕਿਸਤਾਨ ਦੇ ਦਫਤਰਾਂ ’ਚ ਆਪਣੀ ਗੱਲ ਰੱਖਣ ਪਹੁੰਚੇ। ਇਕ ਐੱਨਜੀਓ ਦੇ ਮੁਖੀ ਤੇ ਹਿੰਦੂਆਂ ਦੇ ਭਲਾਈ ਤੇ ਅਧਿਕਾਰੀਆਂ ਲਈ ਲੜਣ ਵਾਲੇ ਸ਼ਿਵ ਕਾਚੀ ਨੇ ਕਿਹਾ ਕਿ ਔਰਤ ਨੂੰ ਅਗਵਾ ਕਰ ਕੇ ਉਸਨੂੰ ਜਬਰਦਸਤੀ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਤੇ ਮੁਸਲਮਾਨ ਸ਼ਾਹਬਾਜ਼ ਖਾਸ਼ਖੇਲੀ ਨਾਲ ਨਿਕਾਹ ਪੜ੍ਹਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹਾਲੇ ਤੱਕ ਐੱਫਆਈਆਰ ਦਰਜ ਨਹੀਂ ਕੀਤੀ ਤੇ ਸਹਿਯੋਗ ਨਹੀਂ ਕਰ ਰਹੀ। ਅਸੀਂ ਹੁਣ ਅਦਾਲਤਾਂ ਦਾ ਰੁਖ਼ ਕਰਾਂਗੇ। ਪਤੀ ਨੇ ਕਿਹਾ ਕਿ ਪਿਛਲੇ ਹਫ਼ਤੇ ਸ਼ਾਹਬਾਜ਼ ਖਾਸ਼ਖੇਲੀ ਤੇ ਉਸਦੇ ਸਾਥੀਆਂ ਨੇ ਉਸਦੀ ਪਤਨੀ ਨੂੰ ਉਸਦੇ ਘਰ ਦੇ ਨਜ਼ਦੀਕ ਤੋਂ ਅਗਵਾ ਕਰ ਲਿਆ। ਉਨ੍ਹਾਂ ਕਿਹਾ ਕਿ ਦੋ ਦਿਨ ਬਾਅਦ ਉਨ੍ਹਾਂ ਨੂੰ ਇਕ ਧਾਰਮਿਕ ਮਦਰਸੇ ’ਚ ਲਿਜਾਂਦਾ ਗਿਆ ਤੇ ਇਸਲਾਮ ਧਰਮ ’ਚ ਸ਼ਾਮਲ ਕਰ ਲਿਆ ਗਿਆ•। ਖਾਸ਼ਖੇਲੀ ਨੇ ਬਿਨਾ ਉਸਦੀ ਇੱਛਾ ਜਾਂ ਸਹਿਮਤੀ ਦੇ ਉਸ ਨਾਲ ਵਿਆਹ ਕਰ ਲਿਆ।
ਅਹਿਮਦੀ ਔਰਤ ਦੀ ਲਾਸ਼ ਨੂੰ ਕੱਟੜਪੰਥੀਆਂ ਨੇ ਸਾੜਿਆ
ਲਾਹੌਰ: ਕੱਟੜਪੰਥੀ ਇਸਲਾਮਿਸਟਾਂ ਨੇ ਇਕ ਠੰਢੇ ਭੰਡਾਰ ਦੇ ਕੈਬਿਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਵਿਚ ਪਾਕਿਸਤਾਨ ਦੀ ਅਹਿਮਦੀ ਘੱਟਗਿਣਤੀ ਫਿਰਕੇ ਦੀ ਇਕ ਔਰਤ ਨੁਸਰਤ ਬੀਬੀ (85) ਦੀ ਲਾਸ਼ ਰੱਖੀ ਗਈ ਸੀ। ਪੁਲਿਸ ਦੇ ਮੁਤਾਬਕ ਲਾਹੌਰ ਤੋਂ 150 ਕਿਲੋਮੀਟਰ ਦੂਰ ਸ਼ਕਰਗੜ੍ਹ ਨਾਰੋਵਾਲ ’ਚ ਇਹ ਵਾਰਦਾਤ ਹੋਈ।



