
ਸ੍ਰੀਨਗਰ, 27 ਮਈ- ਜੰਮੂ-ਕਸ਼ਮੀਰ ‘ਚ ਮੰਗਲਵਾਰ ਨੂੰ ਸੀਮਾ ਸੁਰੱਖਿਆ ਬਲ (BSF) ਨੇ “ਆਪਰੇਸ਼ਨ ਸਿੰਦੂਰ” ਦੇ ਸਬੰਧ ‘ਚ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕਿਵੇਂ ਸਿਪਾਹੀਆਂ ਨੇ ਦੁਸ਼ਮਣ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਤੇ ਕਿਸ ਤਰ੍ਹਾਂ ਪਾਕਿਸਤਾਨ ਦੀਆਂ ਚੌਕੀਆਂ ਨੂੰ ਸੁਰੱਖਿਆ ਬਲਾਂ ਨੇ ਤਬਾਹ ਕਰਨ ਦਾ ਕੰਮ ਕੀਤਾ। ਇਸ ਦੇ ਨਾਲ ਹੀ ਬੀਐਸਐਫ ਨੇ ਆਉਣ ਵਾਲੇ ਦਿਨਾਂ ‘ਚ ਅੱਤਵਾਦ ਅਤੇ ਹਮਲਿਆਂ ਦੀਆਂ ਚੁਣੌਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਜੰਮੂ ਫਰੰਟੀਅਰ ਦੇ ਬੀਐਸਐਫ ਦੇ ਡਾਇਰੈਕਟਰ ਜਨਰਲ ਸ਼ਸ਼ਾਂਕ ਆਨੰਦ ਨੇ ਕਿਹਾ ਕਿ “ਆਪਰੇਸ਼ਨ ਸਿੰਦੂਰ” ਹਾਲੇ ਵੀ ਜਾਰੀ ਹੈ, ਕਿਉਂਕਿ ਅਸੀਂ ਪਾਕਿਸਤਾਨ ‘ਤੇ ਭਰੋਸਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬੀਐਸਐਫ ਨੇ ਕੌਮਾਂਤਰੀ ਹੱਦ ‘ਤੇ ਆਪਣੀ ਚੌਕਸੀ ‘ਚ ਕੋਈ ਕਮੀ ਨਹੀਂ ਆਉਣ ਦਿੱਤੀ। ਆਈਜੀ ਨੇ ਬਾਰਡਰ ਲਾਈਨ ‘ਤੇ ਘੁਸਪੈਠ ਦੇ ਯਤਨਾਂ ਦੀ ਸੰਭਾਵਨਾ ਜਤਾਈ ਤੇ ਕਿਹਾ ਕਿ ਬੀਐਸਐਫ ਹਾਈ ਅਲਰਟ ‘ਤੇ ਹੈ। ਅਸੀਂ ਆਪਣੀ ਚੌਕਸੀ ‘ਚ ਕੋਈ ਕਮੀ ਨਹੀਂ ਆਉਣ ਦੇ ਸਕਦੇ। ਪਾਕਿਸਤਾਨ ਵੱਲੋਂ ਹਮਲੇ ਦੀ ਸੰਭਾਵਨਾ ਤੇ ਗੋਲੀਬਾਰੀ ਦੇ ਸਬੰਧ ‘ਚ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ਬਾਰਡਰ ‘ਤੇ ਸੁਰੱਖਿਆ ਬਲਾਂ ਦੀ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਕਿ ਦੁਸ਼ਮਣ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਜਾਂ ਸੀਮਾ ਪਾਰ ਤੋਂ ਗੋਲੀਬਾਰੀ ਜਾਂ ਘੁਸਪੈਠ ਦੀ ਯੋਜਨਾ ਬਣਾ ਸਕਦਾ ਹੈ। “ਅਸੀਂ ਇਸ ਨਾਲ ਨਿਪਟਣ ਲਈ ਤਿਆਰ ਤੇ ਸਾਵਧਾਨ ਹਾਂ।
ਪਾਕਿਸਤਾਨ ‘ਤੇ ਭਰੋਸਾ ਨਹੀਂ: ਆਈਜੀ
ਆਈਜੀ ਨੇ ਕਿਹਾ ਕਿ ਪਾਕਿਸਤਾਨ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਇਸ ਲਈ “ਆਪਰੇਸ਼ਨ ਸਿੰਦੂਰ” ਹਾਲੇ ਵੀ ਜਾਰੀ ਹੈ। ਬੀਐਸਐਫ ਕੌਮਾਂਤਰੀ ਬਾਰਡਰ ‘ਤੇ ਪੂਰੀ ਤਰ੍ਹਾਂ ਤਿਆਰ ਤੇ ਸਾਵਧਾਨ ਹੈ। ਆਨੰਦ ਨੇ ਇਹ ਵੀ ਕਿਹਾ ਕਿ ਸਹਾਇਕ ਕਮਾਂਡੈਂਟ ਨੇਹਾ ਭੰਡਾਰੀ ਸਮੇਤ ਬੀਐਸਐਫ ਦੀਆਂ ਔਰਤ ਮੁਲਾਜ਼ਮਾਂ ਨੇ ਅਗਾਊਂ ਚੌਕੀਆਂ ‘ਤੇ ਤਾਇਨਾਤ ਹੋ ਕੇ ਸਹਾਸ ਦਿਖਾਇਆ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਸੀਂ ਸਾਂਬਾ ਸੈਕਟਰ ‘ਚ ਇਕ ਚੌਕੀ ਦਾ ਨਾਂ “ਆਪਰੇਸ਼ਨ ਸਿੰਦੂਰ” ਅਤੇ ਦੋ ਹੋਰਾਂ ਦਾ ਨਾਂ ਸ਼ਹੀਦਾਂ ਦੇ ਨਾਮ ‘ਤੇ ਰੱਖਣ ਦਾ ਪ੍ਰਸਤਾਵ ਕਰ ਰਹੇ ਹਾਂ। ਬੀਐਸਐਫ ਵੱਲੋਂ ਪਿਛਲੇ ਸਮੇਂ ‘ਚ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਬਾਰੇ ਦੱਸਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਹੱਦ ‘ਤੇ 40 ਤੋਂ 50 ਸ਼ੱਕੀ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਪਹਿਲਾਂ ਹੀ ਨਾਕਾਮ ਕਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਬੀਐਸਐਫ ਨੇ ਸਿਆਲਕੋਟ ਸੈਕਟਰ ‘ਚ ਪਾਕਿਸਤਾਨੀ ਗੋਲੀਬਾਰੀ ਦੀ ਆੜ ‘ਚ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਅੱਤਵਾਦੀਆਂ ਦੀ ਇਕ ਵੱਡੀ ਘੁਸਪੈਠ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ।
ਦੁਸ਼ਮਣ ਨੂੰ ਪਿੱਛੇ ਹਟਣ ਲਈ ਕੀਤਾ ਮਜਬੂਰ
ਆਈਜੀ ਨੇ ਕਿਹਾ ਕਿ ਅਸੀਂ ਇਹਤਿਆਰੀ ਹਮਲੇ ਕੀਤੇ ਤੇ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਇਆ, ਜਿਸ ਨਾਲ ਹਮਲਾਵਰਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਸੁਰੱਖਿਆ ਬਲਾਂ ਦੀ ਕਾਰਵਾਈ ਨਾਲ ਪਾਕਿਸਤਾਨ ਦੇ ਫ਼ੌਜੀ, ਰੇਂਜਰ ਤੇ ਅੱਤਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਗੋਲੀਬਾਰੀ ਅਤੇ ਇਸ ਦੀ ਆੜ ‘ਚ ਘੁਸਪੈਠ ਕਰਨ ਦੇ ਇਨਪੁੱਟ ਹਾਲੇ ਵੀ ਮਿਲ ਰਹੇ ਹਨ। ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਅਸੀਂ ਤਿਆਰ ਹਾਂ ਤੇ ਬੀਐਸਐਫ ਅਤੇ ਫੌਜ ਸਾਂਝੇ ਤੌਰ ‘ਤੇ ਮੁਹਿੰਮ ਚਲਾ ਰਹੀਆਂ ਹਨ। ਆਈਜੀ ਨੇ ਕਿਹਾ ਕਿ ਅਸੀਂ ਜ਼ਮੀਨ ਦੇ ਹਰ ਇੰਚ ‘ਤੇ ਕੜੀ ਨਜ਼ਰ ਰੱਖ ਰਹੇ ਹਾਂ।



