ਪੰਜਾਬ ‘ਚ ਫਰਜ਼ੀ ਵਸੀਅਤ ਬਣਾਉਣ ਦਾ ਮਾਮਲਾ, ਤਹਿਸੀਲਦਾਰ-ਪਟਵਾਰੀ ਸਮੇਤ 4 ‘ਤੇ ਕੇਸ ਦਰਜ; ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਨੰਗਲ, 27 ਮਈ- ਫਰਜ਼ੀ ਵਸੀਅਤ ਬਣਾ ਕੇ ਵਿਧਵਾ ਔਰਤ ਨਾਲ ਜਾਅਲਸਾਜ਼ੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਤਹਿਸੀਲਦਾਰ ਅਤੇ ਪਟਵਾਰੀ ਸਮੇਤ ਚਾਰ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਨੰਗਲ ਦੇ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਪਤਨੀ ਸਵ. ਜਸਪਾਲ ਸਿੰਘ ਵਾਸੀ ਪਿੰਡ ਖਮੇੜਾ ਨੇ ਐੱਸਐੱਸਪੀ ਰੂਪਨਗਰ ਨੂੰ ਦਰਖਾਸਤ ਦਿੱਤੀ ਸੀ, ਜਿਸ ਦੀ ਜਾਂਚ ਡੀਐੱਸਪੀ ਨੰਗਲ ਨੇ ਕੀਤੀ ਹੈ। ਦਰਖਾਸਤ ਵਿਚ ਕਿਹਾ ਗਿਆ ਹੈ ਕਿ ਉਸ ਦੇ ਮਰਹੂਮ ਪਤੀ ਦੀ ਨਕਲੀ ਵਸੀਅਤ ਬਣਾ ਕੇ ਸਹੁਰੇ ਪਰਿਵਾਰ ਨੇ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਡੀਐੱਸਪੀ ਨੰਗਲ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਬਿਆਨ ਕਰਤਾ ਦਾ ਵਿਆਹ ਚਾਰ ਨਵੰਬਰ ਨੂੰ ਜਸਪਾਲ ਸਿੰਘ ਵਾਸੀ ਪਿੰਡ ਹਰਸਾ ਬੇਲਾ ਨਾਲ ਹੋਇਆ ਸੀ। ਇਨ੍ਹਾਂ ਦੇ ਘਰ ਬੇਟੀ ਰਹਿਮਤ ਕੌਰ ਨੇ ਜਨਮ ਲਿਆ ਅਤੇ ਫਿਰ 2 ਫਰਵਰੀ 2021 ਨੂੰ ਅਚਾਨਕ ਜਸਪਾਲ ਸਿੰਘ ਦੀ ਆਪਣੇ ਘਰ ਵਿਚ ਮੌਤ ਹੋ ਗਈ ਸੀ। ਇਸ ਮੌਤ ਤੋਂ ਬਾਅਦ ਹੁਰੇ ਪਰਿਵਾਰ ਨੇ ਮਨਦੀਪ ਕੌਰ ਦੀ ਜ਼ਮੀਨ ਅਤੇ ਜਾਇਦਾਦ ਹੜੱਪਣ ਦੀ ਨੀਅਤ ਨਾਲ ਫਰਜ਼ੀ ਵਸੀਅਤ ਬਣਾ ਕੇ ਅਤੇ ਮਾਲ ਵਿਭਾਗ ਦੇ ਉਸ ਸਮੇਂ ਦੇ ਪਟਵਾਰੀ ਅਤੇ ਤਹਿਸੀਲਦਾਰ ਨਾਲ ਮਿਲੀਭੁਗਤ ਕਰ ਕੇ ਇੰਤਕਾਲ ਚੜ੍ਹਾਉਣ, ਮਨਦੀਪ ਦੀ ਸੱਸ ਨਛੱਤਰ ਕੌਰ ਵੱਲੋਂ ਉਸੇ ਜ਼ਮੀਨ ਨੂੰ ਵੱਡੇ ਪੁੱਤਰ ਕੁਲਵੀਰ ਸਿੰਘ ਦੇ ਨਾਂ ’ਤੇ ਪਾਵਰ ਆਫ ਅਟਾਰਨੀ ਬਣਾਉਣ ਦੇ ਕੰਮ ਕੀਤੇ ਗਏ। ਨੰਬਰਦਾਰ ਅਵਤਾਰ ਸਿੰਘ ਵਾਸੀ ਪਿੰਡ ਹਰਸਾ ਬੇਲਾ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਦੇ ਬਿਆਨ ਮੁਤਾਬਕ ਜਸਪਾਲ ਸਿੰਘ ਦੀ ਮੌਤ ਤੋਂ 20 ਦਿਨ ਬਾਅਦ ਵਸੀਅਤ ’ਤੇ ਨੰਬਰਦਾਰ ਅਵਤਾਰ ਸਿੰਘ ਦੇ ਦਸਤਖਤ ਕਰਵਾਏ ਗਏ ਹਨ। ਜਿਸ ’ਤੇ ਦਰਖਾਸਤ ਕਰਤਾ ਦੀ ਸੱਸ ਨਛੱਤਰ ਕੌਰ, ਜੇਠ ਕੁਲਵੀਰ ਸਿੰਘ, ਲਿਖਾਰੀ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਸਾਬਕਾ ਪੰਚ, ਪਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਪਿੰਡ ਹਰਸਾ ਬੇਲਾ ਥਾਣਾ ਨੰਗਲ ਤੇ ਉਸ ਸਮੇਂ ਦੇ ਤਹਿਸੀਲਦਾਰ ਰਾਮ ਕ੍ਰਿਸ਼ਨ ਸਿੰਘ ਤੇ ਉਸ ਸਮੇਂ ਦੇ ਸਬੰਧਤ ਪਟਵਾਰੀ ਨੰਗਲ ਨੇ ਮਿਲੀਭੁਗਤ ਕਰ ਕੇ ਇਹ ਜਾਅਲਸਾਜ਼ੀ ਕੀਤੀ ਹੈ। ਐੱਸਐੱਚਓ ਨੰਗਲ ਨੇ ਦੱਸਿਆ ਕਿ ਨਛੱਤਰ ਕੌਰ ਪਤਨੀ ਦਿਲਬਾਗ ਸਿੰਘ (ਸੱਸ), ਕੁਲਵੀਰ ਸਿੰਘ (ਜੇਠ) ਪੁੱਤਰ ਦਿਲਬਾਗ ਸਿੰਘ, ਲਿਖਾਰੀ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਪਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ (ਪੰਚ), ਵਾਸੀ ਪਿੰਡ ਹਰਸਾ ਬੇਲਾ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਅਤੇ ਉਸ ਸਮੇਂ ਦੇ ਤਹਿਸੀਲਦਾਰ ਰਾਮ ਕ੍ਰਿਸ਼ਨ ਸਿੰਘ ਅਤੇ ਉਸ ਸਮੇ ਦੇ ਸਬੰਧਤ ਪਟਵਾਰੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਰਤਾਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



