
ਸ੍ਰੀ ਮੁਕਤਸਰ ਸਾਹਿਬ, 27 ਮਈ- ਸ਼ਹਿਰ ਨਿਵਾਸੀਆਂ ਨੂੰ ਅਵਾਰਾ ਕੁੱਤਿਆਂ ਦੇ ਖੌਫ ਤੋਂ ਬਚਾਉਣ ਲਈ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਵੱਡੇ ਵਫਦ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਖੇਤਰੀ ਅਫਸਰ ਮੈਡਮ ਰੂਪਾਲੀ ਟੰਡਨ ਪੀਸੀਐੱਸ ਨੂੰ ਮੰਗ ਪੱਤਰ ਦਿੱਤਾ ਗਿਆ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫਦ ’ਚ ਮਿਸ਼ਨ ਗਾਈਡ ਇੰਜ ਅਸ਼ੋਕ ਕੁਮਾਰ ਭਾਰਤੀ ਅਤੇ ਚੇਅਰਮੈਨ ਨਿਰੰਜਨ ਸਿੰਘ ਰੱਖਰਾ ਤੋਂ ਇਲਾਵਾ ਬਲਜੀਤ ਸਿੰਘ ਕੋਅਪ੍ਰਟਿਵ, ਵਿਕਰਾਂਤ ਤੇਰੀਆ, ਨਰਿੰਦਰ ਕਾਕਾ, ਲਖਵੀਰ ਸਿੰਘ ਬੌਬੀ, ਜਸਵਿੰਦਰ ਸਿੰਘ ਲੱਧੜ, ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਮੈਂਬਰ ਮੌਜੂਦ ਸਨ। ਵਫਦ ਵੱਲੋਂ ਮੰਗ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਸੰਬੋਧਤ ਇਸ ਮੰਗ ਪੱਤਰ ਰਾਹੀਂ ਮੈਡਮ ਰੂਪਾਲੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼ਹਿਰ ’ਚ ਵੱਡੀ ਗਿਣਤੀ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਸ਼ਹਿਰ ’ਚ ਸ਼ਰੇਆਮ ਤੁਰੇ ਫਿਰਦੇ ਹਨ। ਇਹ ਅਵਾਰਾ ਕੁੱਤੇ ਕਈ ਵਾਰ ਬੱਚਿਆਂ ਅਤੇ ਬਜ਼ੁਰਗਾਂ ’ਤੇ ਹਮਲਾ ਵੀ ਕਰ ਦਿੰਦੇ ਹਨ ਅਤੇ ਉਨ੍ਹਾਂ ਗੰਭੀਰ ਰੂਪ ’ਚ ਜਖਮੀ ਕਰ ਦਿੰਦੇ ਹਨ। ਮੰਗ ਪੱਤਰ ਅਨੁਸਾਰ ਮੰਗ ਕੀਤੀ ਗਈ ਕਿ ਆਮ ਲੋਕਾਂ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਦੇ ਖੌਫ ਤੋਂ ਬਚਾਉਣ ਲਈ ਕੁੱਤਿਆਂ ਵਾਸਤੇ ਪੱਕੇ ਸ਼ੈਲਟਰ ਹੋਮ ਬਣਾਏ ਜਾਣ। ਪੱਕੇ ਸ਼ੈਲਟਰ ਹੋਮ ਬਣਨ ਤੱਕ ਇਨ੍ਹਾਂ ਕੁੱਤਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਰੱਖਣ ਦਾ ਆਰਜੀ ਪ੍ਰਬੰਧ ਕੀਤਾ ਜਾਵੇ। ਇਸਦੇ ਨਾਲ ਹੀ ਇਹਨਾਂ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਠੋਸ ਕਦਮ ਉਠਾਏ ਜਾਣ। ਇਸੇ ਤਰ੍ਹਾਂ ਇਹ ਵੀ ਮੰਗ ਕੀਤੀ ਗਈ ਹੈ ਕਿ ਸ਼ਹਿਰ ਅੰਦਰ ਪਾਲਤੂ ਕੁੱਤੇ ਰੱਖਣ ਵਾਲੇ ਵਿਅਕਤੀਆਂ ਨੂੰ ਆਪਣੇ ਕੁੱਤਿਆਂ ਦੀ ਸਰਕਾਰੀ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਕਰਾਉਣ ਲਈ ਪਾਬੰਧ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਇਨ੍ਹਾਂ ਕੁੱਤਿਆਂ ਦੇ ਗਲਾਂ ਵਿੱਚ ਬੈਲਟ ਜਾਂ ਪਟਾ ਪਾਉਣਾ ਵੀ ਲਾਜ਼ਮੀ ਕੀਤਾ ਜਾਵੇ। ਮੈਡਮ ਨੇ ਵਫਦ ਦੀ ਗੱਲਬਾਤ ਨੂੰ ਬਹੁਤ ਹੀ ਗੰਭੀਰਤਾ ਪੂਰਵਕ ਅਤੇ ਧਿਆਨ ਨਾਲ ਸੁਣਿਆ ਅਤੇ ਇਸ ਸਬੰਧੀ ਠੋਸ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ। ਮੈਡਮ ਨੇ ਮੌਕੇ ’ਤੇ ਆਪਣੇ ਪੀ.ਏ. ਨੂੰ ਨਗਰ ਕੌਂਸਲ ਕਾਰਜ ਸਾਧਕ ਅਫਸਰ ਨੂੰ ਬੁਲਾ ਕੇ ਇਸ ਸਬੰਧੀ ਠੋਸ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ।ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਮਾਮਲੇ ਸਬੰਧੀ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਲੈਣ ਲਈ 15 ਦਿਨ ਬਾਅਦ ਮੈਡਮ ਰੂਪਾਲੀ ਨਾਲ ਫਾਲੋ ਅੱਪ ਮੀਟਿੰਗ ਕੀਤੀ ਜਾਵੇਗੀ। ਢੋਸੀਵਾਲ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਜਲਦੀ ਹੀ ਸ਼ਹਿਰ ਨਿਵਾਸੀਆਂ ਨੂੰ ਅਵਾਰਾ ਕੁੱਤਿਆਂ ਦੇ ਖੌਫ ਤੋਂ ਨਿਜਾਤ ਮਿਲ ਜਾਵੇਗੀ।



