
ਲੁਧਿਆਣਾ, 25 ਮਈ- ਸਥਾਨਕ ਲਕਸ਼ਮਣ ਨਗਰ ਇਲਾਕੇ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਵਾਰਾ ਕੁੱਤੇ ਨੇ ਗਲੀ ਨੰਬਰ 3 ਵਿਚ ਟੋਇਆ ਪੱਟ ਕੇ ਮਾਸੂਮ ਬੱਚੀ ਦੀ ਲਾਸ਼ ਬਾਹਰ ਕੱਢ ਦਿੱਤੀ ਤੇ ਲਾਸ਼ ਨੂੰ ਕਈ ਥਾਵਾਂ ਤੋਂ ਨੋਚ ਦਿੱਤਾ। ਹੈਵਾਨੀਅਤ ਭਰੀ ਇਸ ਘਟਨਾ ਨੂੰ ਦੇਖਦੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਕੁੱਤਾ ਭਜਾ ਦਿੱਤਾ ਤੇ ਫਿਰ ਤੇ ਥਾਣਾ ਡਾਬਾ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਲਾਸ਼ ਨੂੰ ਦੇਖ ਕੇ ਇੰਝ ਜਾਪ ਰਿਹਾ ਹੈ ਕਿ ਬੱਚੀ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਲੀ ਨੰ. 3 ਵਿਚ ਅਵਾਰਾ ਕੁੱਤੇ ਨੇ ਉੱਥੇ ਟੋਇਆ ਪੁੱਟਣਾ ਸ਼ੁਰੂ ਕੀਤਾ ਸੀ। ਕੁਝ ਸਮੇਂ ਬਾਅਦ ਕੁੱਤੇ ਨੇ ਮਾਸੂਮ ਬੱਚੀ ਦੀ ਲਾਸ਼ ਬਾਹਰ ਕੱਢ ਲਈ। ਓਧਰ ਇਸ ਮਾਮਲੇ ’ਚ ਐੱਸਐੱਚਓ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਟੋਇਆ ਜਾਣ-ਬੁੱਝ ਕੇ ਪੱਟਿਆ ਗਿਆ ਸੀ। ਕਿਸੇ ਵਿਅਕਤੀ ਨੇ ਟੋਇਆ ਪੁੱਟ ਕੇ ਬੱਚੀ ਦੀ ਲਾਸ਼ ਦਫਨਾ ਦਿੱਤੀ ਸੀ, ਜਦੋਂ ਅਵਾਰਾ ਕੁੱਤਾ ਟੋਇਆ ਪੱਟ ਰਿਹਾ ਸੀ ਤਾਂ ਲੋਕਾਂ ਦੀ ਨਜ਼ਰ ਅਚਾਨਕ ਪੈ ਗਈ। ਬੱਚੀ ਦੇ ਸਰੀਰ ਦੀਆਂ ਕਈ ਥਾਵਾਂ ’ਤੇ ਕੁੱਤੇ ਦੇ ਕੱਟਣ ਦੇ ਨਿਸ਼ਾਨ ਸਨ।
ਘਿਨੌਣੀ ਹਰਕਤ ਕਰਨ ਵਾਲੇ ਨੂੰ ਦਿੱਤੀ ਜਾਵੇ ਸਖਤ ਸਜ਼ਾ
ਇਸ ਸ਼ਰਮਨਾਕ ਘਟਨਾ ਨੂੰ ਦੇਖਦੇ ਹੋਏ ਲੋਕਾਂ ਵਿਚ ਭਾਰੀ ਰੋਸ ਹੈ। ਇਲਾਕਾ ਵਾਸੀਆਂ ਨੇ ਆਖਿਆ ਕਿ ਜਿਸ ਵਿਅਕਤੀ ਨੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਗ੍ਰਿਫਤਾਰ ਕਰ ਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ। ਲੋਕਾਂ ਨੇ ਆਖਿਆ ਕਿ ਬੱਚੀ ਨਾਲ ਹੋਈ ਇਸ ਹੈਵਾਨੀਅਤ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ।
ਖੰਗਾਲੇ ਜਾ ਰਹੇ ਨੇ ਸੀਸੀਟੀਵੀ ਕੈਮਰੇ
ਥਾਣਾ ਡਾਬਾ ਦੀ ਪੁਲਿਸ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਹੈਵਾਨੀਅਤ ਭਰੀ ਘਟਨਾ ਨੂੰ ਕਿਸ ਮਾੜੇ ਅਨਸਰ ਨੇ ਅੰਜਾਮਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।



