National

ਮੌਨਸੂਨ ਦੇ ਆਉਂਦੇ ਸਾਰ ਹੀ ਕੇਰਲ ‘ਚ ਤੂਫ਼ਾਨੀ ਬਾਰਿਸ਼, ਦਿੱਲੀ-ਯੂਪੀ ਅਲਰਟ ‘ਤੇ; ਪੜ੍ਹੋ ਉੱਤਰ-ਭਾਰਤ ਲਈ IMD ਦਾ ਤਾਜ਼ਾ ਅਪਡੇਟ

ਨਵੀਂ ਦਿੱਲੀ, 25 ਮਈ- ਉੱਤਰੀ ਭਾਰਤ ਸਮੇਤ ਪੂਰੇ ਦੇਸ਼ ‘ਚ ਮੌਸਮ ਦਾ ਮਿਜ਼ਾਜ ਬਦਲ ਚੁੱਕਾ ਹੈ। ਦਿੱਲੀ-ਐਨਸੀਆਰ ਸਮੇਤ ਕਈ ਸੂਬਿਆਂ ‘ਚ ਸ਼ਨੀਵਾਰ ਰਾਤ ਨੂੰ ਮੋਹਲੇਧਾਰ ਬਾਰਿਸ਼ ਹੋਈ। ਇਸ ਬਾਰਿਸ਼ ਕਾਰਨ ਕਈ ਸ਼ਹਿਰਾਂ ‘ਚ ਜਨ-ਜੀਵਨ ਅਸਤ-ਵਿਅਸਤ ਹੋ ਗਿਆ। ਆਮ ਤੌਰ ‘ਤੇ ਮੌਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ ਪਰ ਇਸ ਵਾਰ ਸ਼ਨੀਵਾਰ (24 ਮਈ) ਨੂੰ ਹੀ ਮੌਨਸੂਨ ਨੇ ਸੂਬੇ ‘ਚ ਦਸਤਕ ਦੇ ਦਿੱਤੀ। ਮੌਸਮ ਵਿਭਾਗ (IMD) ਨੇ ਕੇਰਲ ਦੇ ਕਨੂਰ ਤੇ ਕਾਸਰਗੋਡ ‘ਚ ਰੈੱਡ ਅਲਰਟ ਤੇ ਹੋਰ ਸੂਬਿਆਂ ‘ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਨਸੂਨ (Monsoon Update) ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਹੈ। ਜਿਨ੍ਹਾਂ ਸ਼ਹਿਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਭਾਰੀ ਬਾਰਿਸ਼, ਹਨੇਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

IMD ਨੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਲਈ ਤਾਜ਼ਾ ਅੱਪਡੇਟ ਦਿੱਤੀ ਹੈ :

IMD ਨੇ ਦੱਸਿਆ ਕਿ ਦੱਖਣਈ ਕੋਂਕਣ ਤਟ ਨੇੜੇ ਅਰਬ ਸਾਗਰ ‘ਚ ਬਣਿਆ ਡੂੰਘਾ ਘੱਟ ਦਬਾਅ ਵਾਲਾ ਖੇਤਰ ਸ਼ਨੀਵਾਰ ਸਵੇਰੇ 5:30 ਵਜੇ ਇਕ ਡਿਪ੍ਰੈਸ਼ਨ ‘ਚ ਬਦਲ ਗਿਆ। ਮਹਾਰਾਸ਼ਟਰ ਦੇ ਰਤਨਾਗਿਰਿ ਤੇ ਸਿੰਧੁਦੁਰਗ ਜ਼ਿਲ੍ਹਿਆਂ ਲਈ IMD ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਪੱਛਮੀ ਮਹਾਰਾਸ਼ਟਰ ਦੇ ਸਤਾਰਾ ਤੇ ਕੋਲ੍ਹਾਪੁਰ ਵੀ ਰੈੱਡ ਅਲਰਟ ‘ਤੇ ਹਨ।IMD ਦੀ ਵਿਗਿਆਨਕ ਸ਼ੁਭਾਂਗੀ ਏ. ਭੂਟੇ ਨੇ ਕਿਹਾ, “ਹਵਾ ‘ਚ ਦਬਾਅ ਖੇਤਰ ਬਣਨ ਕਾਰਨ ਮਹਾਰਾਸ਼ਟਰ ਦੇ ਕਈ ਇਲਾਕਿਆਂ ‘ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਈ ਹੈ।” ਖਰਾਬ ਮੌਸਮ ਕਾਰਨ ਮੱਛੀ ਫੜਨ ਵਾਲਿਆਂ ਨੂੰ ਸਮੁੰਦਰ ‘ਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।ਮੌਸਮ ਵਿਭਾਗ ਨੇ ਐਤਵਾਰ ਨੂੰ ਕਾਸਰਗੋਡ, ਕਨੂਰ ਸਮੇਤ ਕੇਰਲ ਦੇ ਕਈ ਜ਼ਿਲ੍ਹਿਆਂ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਹੈ। ਤਿਰੁਵਨੰਤਪੁਰਮ, ਕੋੱਲਮ, ਪਥਨਮਥਿਟਾ, ਅਲਾਪੁਝਾ, ਕੋੱਟਾਇਮ, ਏਰਨਾਕੁਲਮ, ਇਡੁੱਕੀ, ਤ੍ਰਿਸ਼ੂਰ, ਪਲੱਕੜ, ਮਲੱਪੁਰਮ, ਕੋਜ਼ਿਕੋਡ, ਵਾਇਨਾਡ ਸਮੇਤ ਹੋਰ ਜ਼ਿਲ੍ਹੇ ਅਗਲੇ ਤਿੰਨ ਦਿਨਾਂ ਲਈ ਔਰੇਂਜ ਅਲਰਟ ‘ਤੇ ਹਨ। IMD ਨੇ ਭਵਿੱਖਵਾਣੀ ਕੀਤੀ ਹੈ ਕਿ 24 ਤੋਂ 27 ਮਈ ਤਕ ਤਟੀ ਇਲਾਕਿਆਂ ਅਤੇ ਦੱਖਣੀ ਕਰਨਾਟਕ ‘ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਵੇਗੀ ਤੇ ਸੂਬੇ ਦੇ ਉੱਤਰੀ ਹਿੱਸੇ ‘ਚ ਵੀ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿਚ ਮੌਸਮ ਦੇ ਅਨੁਮਾਨ ਮੁਤਾਬਕ 25 ਮਈ ਨੂੰ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ ਤੇ ਹਲਕੀ ਤੋਂ ਬਹੁਤ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਨਾਲ ਹੀ ਗਰਜ ਨਾਲ ਛਿੱਟਾਂ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। IMD ਬੁਲੇਟਿਨ ਅਨੁਸਾਰ, ਹੋਰ ਦੱਖਣੀ ਸੂਬਿਆਂ ‘ਚ 25 ਅਤੇ 26 ਮਈ ਨੂੰ ਤਮਿਲਨਾਡੂ, ਪੁਡੁਚੇਰੀ ਤੇ ਕਰਾਈਕਲ ‘ਚ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ‘ਚ 30 ਮਈ ਤਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਸਾਮ ਤੇ ਮੇਘਾਲਿਆ ‘ਚ 29 ਅਤੇ 30 ਮਈ ਨੂੰ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਝਾਰਖੰਡ, ਓਡੀਸ਼ਾ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ‘ਚ ਗਰਜ ਅਤੇ ਤੇਜ਼ ਹਵਾਵਾਂ ਨਾਲ ਮੱਧਮ ਬਾਰਿਸ਼ ਦੀ ਉਮੀਦ ਹੈ। 25 ਅਤੇ 26 ਮਈ ਨੂੰ ਬਿਹਾਰ ‘ਚ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ‘ਚ 30 ਮਈ ਤੱਕ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਕਦੇ-ਕਦੇ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button