Punjab

ਵੱਡਾ ਨੁਕਸਾਨ : ਨਾੜ ਨੂੰ ਲਾਈ ਅੱਗ ਨੇ ਲਪੇਟ ‘ਚ ਲਏ 7 ਆਸ਼ਿਆਨੇ

ਕੁੜੀ ਦੇ ਵਿਆਹ ਲਈ ਰੱਖਿਆ ਸਾਮਾਨ ਤੇ ਕੈਸ਼ ਵੀ ਅੱਗ ਦੀ ਭੇਟ ਚੜ੍ਹਿਆ

ਸ਼੍ਰੀ ਮਾਛੀਵਾਡ਼ਾ ਸਾਹਿਬ, 16 ਮਈ- ਕੁਹਾੜਾ ਰੋਡ ’ਤੇ ਪੈਂਦੇ ਪਿੰਡ ਪ੍ਰਤਾਪਗੜ੍ਹ ਨੇੜੇ ਸੜਕ ਕਿਨਾਰੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਕੱਲ੍ਹ ਰਾਤ ਅੱਗ ਦੀ ਲਪੇਟ ‘ਚ ਆ ਕੇ ਸੜ ਕੇ ਸੁਆਹ ਹੋ ਗਈਆਂ ਜਿਸ ਕਾਰਨ ਜਿੱਥੇ ਇਕ ਮਜ਼ਦੂਰ ਦੀ ਲੜਕੀ ਦੇ ਵਿਆਹ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਲੱਖਾਂ ਰੁਪਏ ਦੀ ਨਕਦੀ ਵੀ ਖਾਕ ਹੋ ਗਈ। ਝੁੱਗੀ ਦੇ ਮਾਲਕ ਮੁਹੰਮਦ ਆਸ਼ਿਦ ਨੇ ਦੱਸਿਆ ਕਿ ਬੀਤੀ ਰਾਤ ਸਡ਼ਕ ਦੇ ਦੂਸਰੇ ਪਾਸੇ ਕਿਸੇ ਕਿਸਾਨ ਨੇ ਖੇਤਾਂ ਵਿਚ ਕਣਕ ਦੇ ਨਾਡ਼ ਨੂੰ ਅੱਗ ਲਗਾਈ ਹੋਈ ਸੀ ਅਤੇ ਕਰੀਬ 9 ਵਜੇ ਤੇਜ਼ ਹਨ੍ਹੇਰੀ ਚੱਲੀ ਜਿਸ ਕਾਰਨ ਅੱਗ ਸਡ਼ਕ ਤੋਂ ਪਾਰ ਝੁੱਗੀਆਂ ਨੂੰ ਜਾ ਲੱਗੀ। ਅੱਗ ਬਡ਼ੀ ਤੇਜ਼ੀ ਨਾਲ ਫੈਲੀ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਤੇ ਪਸ਼ੂਆਂ ਨੂੰ ਬਡ਼ੀ ਮੁਸ਼ਕਿਲ ਨਾਲ ਝੁੱਗੀਆਂ ’ਚੋਂ ਕੱਢ ਸਕੇ ਪਰ ਉਨ੍ਹਾਂ ਦਾ ਰਾਸ਼ਨ, ਕੱਪਡ਼ੇ, ਕੀਮਤੀ ਸਮਾਨ ਸਾਰਾ ਕੁਝ ਸਡ਼ਕੇ ਸੁਆਹ ਹੋ ਗਿਆ। ਮੁਹੰਮਦ ਆਸ਼ਿਦ ਨੇ ਦੱਸਿਆ ਕਿ 5 ਧੀਆਂ ਤੇ 4 ਪੁੱਤਰ ਹਨ ਜਿਨ੍ਹਾਂ ’ਚੋਂ ਵੱਡੀ ਲਡ਼ਕੀ ਸਮੇਰਾ ਖਾਤਿਮ ਦਾ ਵਿਆਹ 21 ਮਈ ਨੂੰ ਰੱਖਿਆ ਹੋਇਆ ਹੈ ਜਿਸ ਲਈ ਉਸਨੇ ਦਾਜ ਦਾ ਸਮਾਨ ਜੋਡ਼ਿਆ ਹੋਇਆ। ਉਸਨੇ ਦੱਸਿਆ ਕਿ ਲਡ਼ਕੀ ਦੇ ਵਿਆਹ ਲਈ ਉਸਨੇ ਝੁੱਗੀ ਵਿਚ 1 ਲੱਖ 2 ਹਜ਼ਾਰ ਰੁਪਏ ਨਕਦ, ਇੱਕ ਫਰਿੱਜ਼, ਇੱਕ ਪੱਖਾ, ਸਾਈਕਲ, ਮਿਕਸਰ ਅਤੇ ਕੁਝ ਚਾਂਦੀ ਦੇ ਗਹਿਣੇ ਰੱਖੇ ਸਨ ਪਰ ਅੱਗ ਦੀ ਚਪੇਟ ਵਿਚ ਆਉਣ ਕਾਰਨ ਇਹ ਸਾਰੇ ਸਡ਼ਕੇ ਸੁਆਹ ਹੋ ਗਏ ਅਤੇ ਡੰਗਰਾਂ ਲਈ ਇਕੱਠੀ ਕੀਤੀ ਤੂਡ਼ੀ ਦਾ ਬਣਾਇਆ ਕੁੱਪ ਵੀ ਸਡ਼ ਗਿਆ। ਇਸ ਤੋਂ ਇਲਾਵਾ ਝੁੱਗੀਆਂ ਵਿਚ ਰਹਿਣ ਵਾਲੇ ਪਰਿਵਾਰਾਂ ਕੋਲ ਨਾ ਤਾਂ ਹੁਣ ਪਹਿਨਣ ਲਈ ਕੱਪਡ਼ੇ ਸਨ, ਨਾ ਖਾਣ ਲਈ ਰਾਸ਼ਨ, ਨਾ ਪਸ਼ੂਆਂ ਲਈ ਚਾਰਾ ਅਤੇ ਨਾ ਹੀ ਸਿਰ ’ਤੇ ਛੱਤ ਬਚੀ ਸੀ। ਇੱਕ ਹੋਰ ਝੁੱਗੀ ਵਾਲੇ ਨੇ ਦੱਸਿਆ ਕਿ ਉਸਦੀ ਧੀ ਨੌਕਰੀ ਕਰਦੀ ਹੈ ਜਿਸ ਨੂੰ 15 ਹਜ਼ਾਰ ਰੁਪਏ ਤਨਖਾਹ ਮਿਲੀ ਸੀ ਪਰ ਉਹ ਵੀ ਅੱਗ ਦੀ ਚਪੇਟ ਵਿਚ ਸੁਆਹ ਹੋ ਗਈ। ਸਡ਼ਕ ਕਿਨਾਰੇ ਝੁੱਗੀਆਂ ਬਣਾ ਕੇ ਰਹਿੰਦੇ ਮੁਹੰਮਦ ਆਸ਼ਿਦ ਤੋਂ ਇਲਾਵਾ ਅਕਬਰੀ ਖਾਤਿਮ, ਸਹਿਨਾਜ਼ਮ ਖਾਤਿਮ, ਮੁੰਨੀ ਖਾਤਿਮ, ਜੁਨੈਸ਼ਾ ਖਾਤਿਮ, ਮੁਹੰਮਦ ਮੋਬਿਲ, ਨਰੇਸ਼ ਖਾਤਿਮ ਦਾ ਸਭ ਅੱਗ ਨਾਲ ਕੁਝ ਸਡ਼ਕੇ ਸੁਆਹ ਹੋ ਗਿਆ। ਇਨ੍ਹਾਂ ਬੇਘਰ ਹੋਏ ਗਰੀਬ ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਕਿ ਅੱਗ ਨਾਲ ਉਨ੍ਹਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਲਈ ਪ੍ਰਸਾਸ਼ਨ ਬਣਦਾ ਮੁਆਵਜ਼ਾ ਦੇਵੇ।

Related Articles

Leave a Reply

Your email address will not be published. Required fields are marked *

Back to top button