ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਮੁਲਤਵੀ ਕੀਤੇ ਸੰਘਰਸ਼ ਨੂੰ ਸ਼ੁਰੂੁ ਕਰਨ ਦਾ ਕੀਤਾ ਐਲਾਨ
26 ਮਈ ਤੋਂ ਮੁਹਾਲੀ ’ਚ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ– ਮੇਹਰ ਸਿੰਘ ਵਿਰਕ
ਫ਼ਿਰੋਜ਼ਪੁਰ, 16 ਮਈ (ਬਾਲ ਕਿਸ਼ਨ)– ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਮਮਦੋਟ ਨਰਸਰੀ (ਫ਼ਿਰੋਜ਼ਪੁਰ) ਵਿਖੇ ਹੋਈ, ਜਿਸ ਵਿਚ ਮੀਟਿੰਗ ਦੀ ਪ੍ਰਧਾਨਗੀ ਮੇਹਰ ਸਿੰਘ ਵਿਰਕ ਮੰਡਲ ਪ੍ਰਧਾਨ ਫ਼ਿਰੋਜ਼ਪੁਰ ਐਂਡ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਥੀ ਮਹਿਲ ਸਿੰਘ ਸੂਬਾ ਪ੍ਰਧਾਨ ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਸ਼ਾਮਿਲ ਹੋਏ। ਮੀਟਿੰਗ ਦੌਰਾਨ ਮੇਹਰ ਸਿੰਘ ਵਿਰਕ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਦੇ ਹੱਲ ਲਈ 14 ਮਈ 2025 ਨੂੰ ਵਣ ਭਵਨ ਮੁਹਾਲੀ ਵਿਖੇ ਰੈਲੀ ਕੀਤੀ ਜਾਣੀ ਸੀ, ਜੋ ਦੇਸ਼ ’ਚ ਜੰਗ ਦੇ ਮਾਹੌਲ ਨੂੰ ਵੇਖ ਮੁਲਤਵੀ ਕਰ ਦਿੱਤੀ ਗਈ ਸੀ, ਪਰ ਹੁਣ ਫਿਰ ਤੋਂ ਮੰਗਾਂ ਖ਼ਾਤਿਰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟੇਗੀ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਵਣ ਵਿਭਾਗ ਦੇ ਅਧਿਕਾਰੀਆਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹੋਏ ਕਿਹਾ ਕਿ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਕੰਮ ਤੋਂ ਹਟਾਏ ਕਾਮੇ ਕੰਮ ’ਤੇ ਵਾਪਿਸ ਹਾਜ਼ਰ ਕਰਨਾ, ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨਾ ਆਦਿ ਇਕ ਦਰਜਨ ਮੰਗਾਂ ਨੂੰ ਮਿਤੀ 13 ਫਰਵਰੀ 2024 ਨੂੰ ਅਤੇ ਮਿਤੀ 18 ਫਰਵਰੀ 2025 ਨੂੰ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤੀ ਜਾ ਰਿਹਾ, ਜਿਸ ਦਾ ਇੰਪਲਾਈਜ਼ ਯੂਨੀਅਨ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਵਣ ਵਿਭਾਗ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਜੋ ਆਗੂ ਸ਼ਾਮਿਲ ਹੋਏ ਬਲਵਿੰਦਰ ਸਿੰਘ ਮੰਡਲ ਚੇਅਰਮੈਨ, ਬਲਵੀਰ ਸਿੰਘ ਗੋਖੀਵਾਲ, ਮਹਿੰਦਰ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ ਫ਼ਾਜ਼ਿਲਕਾ, ਰਸ਼ਪਾਲ ਸਿੰਘ, ਹੰਸਾ ਸਿੰਘ ਮੋਗਾ, ਮੁਖਤਿਆਰ ਸਿੰਘ, ਕੱਕਾ ਸਿੰਘ, ਕਾਲਾ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਾਥੀਆਂ ਨੇ ਕਿਹਾ ਕਿ ਮੁਲਾਜ਼ਮਾਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਅਪਣਾਏ ਅਣਗਹਿਲੀ ਦੇ ਰਵੱਈਏ ਨੂੰ ਠੱਲ੍ਹ ਪਾਉਣ ਲਈ ਮੁਲਤਵੀ ਕੀਤੇ ਐਕਸ਼ਨ ਪ੍ਰੋਗਰਾਮ ਨੂੰ ਮੁੜ ਲਾਗੂ ਕੀਤਾ ਜਾਵੇਗਾ ਅਤੇ 26 ਮਈ 2025 ਤੋਂ ਪ੍ਰਧਾਨ ਮੁੱਖ ਵਣ ਪਾਲ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਦਫ਼ਤਰਾਂ ਵਣ ਭਵਨ ਮੁਹਾਲੀ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਕੇ ਮੰਗਾਂ ਦੀ ਪ੍ਰਾਪਤੀ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।



